-ਗੰਦੀ ਰਾਜਨੀਤੀ, ਭ੍ਰਿਸ਼ਟਾਚਾਰ ਅਤੇ ਮਾਫ਼ੀਆ ਖ਼ਤਮ ਕਰਨ ਲਈ ਇਸ ਵਾਰ ਝਾੜੂ ਦਾ ਬਟਨ ਦੱਬ ਦੇਵੋ : ਭਗਵੰਤ ਮਾਨ
ਮੋਹਾਲੀ/ਚੰਡੀਗੜ੍ਹ, 6 ਫਰਵਰੀ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ 20 ਫਰਵਰੀ ਪੰਜਾਬ ਲਈ ਇਤਿਹਾਸਕ ਦਿਨ ਹੋਵੇਗਾ। ਪੰਜਾਬ ਦੀ ਜਨਤਾ ਇਸ ਵਾਰ ਨਵਾਂ ਇਤਿਹਾਸ ਅਤੇ ਨਵੀਂ ਕਹਾਣੀ ਲਿਖੇਗੀ। ਮਾਨ ਨੇ ਇਹ ਦਾਅਵਾ ਮਿਸ਼ਨ ਪੰਜਾਬ 2022 ਦੇ ਤਹਿਤ ਮੋਹਾਲੀ ਅਤੇ ਡੇਰਾਬਸੀ ਹਲਕਿਆਂ ਵਿੱਚ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਐਤਵਾਰ ਨੂੰ ਭਗਵੰਤ ਮਾਨ ਨੇ ਮੋਹਾਲੀ (ਐਸ.ਏ.ਐਸ. ਨਗਰ) ਅਤੇ ਡੇਰਾਬਸੀ ਵਿਧਾਨ ਸਭਾ ਹਲਕਿਆਂ ਵਿੱਚ ਵੱਖ ਵੱਖ ਥਾਵਾਂ ‘ਤੇ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਆਪਣੇ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਮਾਨ ਸਵੇਰੇ 10 ਵਜੇ ਮੋਹਾਲੀ ਪਹੁੰਚੇ। ਉਨ੍ਹਾਂ ਮੋਹਾਲੀ ਦੇ ਬਲੌਂਗੀ ਦੀ ਮਾਰਕੀਟ, 3ਬੀ2 ਦੀ ਮਾਰਕੀਟ, ਸੈਕਟਰ 79, ਫੇਸ 11 ਦੀ ਮਾਰਕੀਟ, ਸੈਕਟਰ 82 ਦੀ ਮਾਰਕੀਟ ਪਹੁੰਚ ਕੇ ਲੋਕਾਂ ਨੂੰ ਉਮੀਦਵਾਰ ਕੁਲਵੰਤ ਸਿੰਘ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਮਾਨ ਡੇਰਾਬਸੀ ਹਲਕੇ ਦੇ ਲੋਹਗੜ੍ਹ, ਜ਼ੀਰਕਪੁਰ, ਰਾਮਲੀਲਾ ਮੈਦਾਨ, ਲਾਲੜੂ ਮੰਡੀ ਵਿੱਚ ਲੋਕਾਂ ਦੇ ਰੂਬਰੂ ਹੋਏ ਅਤੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਚੋਣ ਪ੍ਰਚਾਰ ਦੌਰਾਨ ਵੱਖ ਵੱਖ ਥਾਵਾਂ ‘ਤੇ ਭਗਵੰਤ ਮਾਨ ਦਾ ਲੋਕਾਂ ਨੇ ਫੁੱਲ ਬਰਸਾ ਅਤੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਅਤੇ ਜਿੱਤ ਹੋਣ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਮੋਹਾਲੀ ਦੇ ਪਾਰਟੀ ਉਮੀਦਵਾਰ ਕੁਲਵੰਤ ਸਿੰਘ ਅਤੇ ਡੇਰਾਬਸੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਤੋਂ ਇਲਾਵਾ ਪਾਰਟੀ ਦੇ ਸੂਬਾ ਅਤੇ ਸਥਾਨਕ ਪੱਧਰ ਦੇ ਆਗੂ ਅਤੇ ਵਰਕਰ ਵੀ ਹਾਜ਼ਰ ਸਨ।
:ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਲੜਾਈ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ। ਪੰਜਾਬ ਦੀ ਰਾਜਨੀਤੀ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨੂੰ ਖ਼ਤਮ ਕਰਨ ਦੀ ਲੜਾਈ ਹੈ। ਨੌਜਵਾਨਾਂ ਨੂੰ ਨਸ਼ੇ ਦੇ ਜਾਲ ਤੋਂ ਮੁਕਤ ਅਤੇ ਉਨ੍ਹਾਂ ਨੂੰ ਚੰਗੀ ਸਿੱਖਿਆ ਤੇ ਰੋਜ਼ਗਾਰ ਦੇਣ ਦੀ ਲੜਾਈ ਹੈ। ਇਹ ਲੜਾਈ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਅਤੇ ਸੰਪੰਨ ਬਣਾਉਣ ਦੀ ਲੜਾਈ ਹੈ। ਪੰਜਾਬ ਦੀ ਭਲਾਈ ਲਈ ਆਪਾਂ ਨੂੰ ਇਹ ਲੜਾਈ ਹਰ ਹਾਲ ਵਿੱਚ ਜਿੱਤਣੀ ਪਵੇਗੀ। 20 ਫਰਵਰੀ ਤੱਕ ਪੰਜਾਬ ਦੀ ਇਸ ਇਤਿਹਾਸਕ ਲੜਾਈ ਦੀ ਜ਼ਿੰਮੇਵਾਰੀ ਤੁਹਾਡੇ ਹੱਥਾਂ ਵਿੱਚ ਹੈ। ਉਸ ਤੋਂ ਬਾਅਦ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ।
ਮਾਨ ਨੇ ਕਿਹਾ ਕਿ ਅੱਜ ਪੰਜਾਬ ਦੀ ਸ਼ਾਸਨ ਵਿਵਸਥਾ ਵਿੱਚ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਜੜਾਂ ਜਮਾਂ ਚੁੱਕਾ ਹੈ। ਰਿਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਅਤੇ ਰਾਜ ਨੂੰ ਬਰਬਾਦੀ ਦੇ ਕਿਨਾਰੇ ਲਿਆ ਖੜ੍ਹਾ ਕਰ ਦਿੱਤਾ ਹੈ। ਨਸ਼ਾ ਮਾਫ਼ੀਆ ਅਤੇ ਆਗੂਆਂ ਦੇ ਗੱਠਜੋੜ ਨੇ ਪੈਸੇ ਕਮਾਉਣ ਲਈ ਨੌਜਵਾਨਾਂ ਨੂੰ ਨਸ਼ੇ ਦੇ ਜਾਲ ਵਿੱਚ ਫਸਾ ਦਿੱਤਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਕਾਰਨ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੋ ਗਿਆ ਅਤੇ ਰਾਜ ਸਿਰ 3 ਲੱਖ ਕਰੋੜ ਤੋਂ ਜ਼ਿਆਦਾ ਕਰਜ਼ ਚੜ ਗਿਆ ਹੈ। ਪੂਰੇ ਪੰਜਾਬ ਵਿੱਚ 20 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਸਿਰਫ਼ ਰੇਤ ਮਾਫ਼ੀਆ ਦਾ ਕਾਰੋਬਾਰ ਚੱਲਦਾ ਹੈ। ਇਸ ਪੈਸੇ ਨੂੰ ਲੋਕਾਂ ਦੇ ਕੰਮਾਂ ਵਿੱਚ ਲਾਉਣਾ ਹੈ। ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨੂੰ ਜੜ ਤੋਂ ਖ਼ਤਮ ਕਰਕੇ ਪੰਜਾਬ ਦਾ ਖ਼ਜ਼ਾਨਾ ਭਰਨਾ ਹੈ ਅਤੇ ਸੂਬੇ ਨੂੰ ਕਰਜ਼ ਤੋਂ ਮੁਕਤ ਕਰਨਾ ਹੈ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗੰਦੀ ਰਾਜਨੀਤੀ, ਭ੍ਰਿਸ਼ਟਾਚਾਰ ਅਤੇ ਮਾਫ਼ੀਆ ਖ਼ਤਮ ਕਰਨ ਲਈ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਵੋ ਅਤੇ 20 ਫਰਵਰੀ ਨੂੰ ਝਾੜੂ ਵਾਲਾ ਬਟਨ ਦਬਾਓ।