ਚੰਡੀਗੜ੍ਹ, 8 ਫਰਵਰੀ 2022 – ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਫਰਵਰੀ ਨੂੰ ਦੁਪਹਿਰ 1:00 ਵਜੇ ਪੰਜਾਬ ਦੇ 2 ਲੋਕ ਸਭਾ ਹਲਕਿਆਂ ‘ਚ ਭਾਜਪਾ ਅਤੇ ਗਠਜੋੜ ਦੇ 18 ਉਮੀਦਵਾਰਾਂ ਲਈ ਵਰਚੁਅਲ ਰੈਲੀ ਕਰਨਗੇ। ਭਾਰਤੀ ਜਨਤਾ ਪਾਰਟੀ ਇਸ ਰੈਲੀ ਦਾ ਵਰਚੁਅਲ ਪ੍ਰਸਾਰਣ ਲੁਧਿਆਣਾ ਤੋਂ ਕਰੇਗੀ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਚੋਣ ਸੰਚਾਲਨ ਕਮੇਟੀ ਦੇ ਕਨਵੀਨਰ ਜੀਵਨ ਗੁਪਤਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਵਰਚੁਅਲ ਰੈਲੀ ਫਤਿਹਗੜ੍ਹ ਲੋਕ ਸਭਾ ਹਲਕੇ ਅਤੇ ਲੁਧਿਆਣਾ ਲੋਕ ਸਭਾ ਹਲਕੇ ਦੇ 9-9 (ਕੁੱਲ 18) ਵਿਧਾਨ ਸਭਾ ਹਲਕਿਆਂ ‘ਚ ਭਾਜਪਾ ਅਤੇ ਗਠਜੋੜ ਦੇ ਉਮੀਦਵਾਰਾਂ ਲਈ ਹੋਵੇਗੀ। ਜੀਵਨ ਗੁਪਤਾ ਨੇ ਕਿਹਾ ਕਿ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹਰੇਕ ਵਿਧਾਨ ਸਭਾ ਖੇਤਰ ਵਿੱਚ 3-3 ਐਲ.ਈ.ਡੀ. 1000-1000 ਦੀ ਸਮਰੱਥਾ ਨਾਲ ਕੁਰਸੀਆਂ ਲਗਾਈਆਂ ਜਾਣਗੀਆਂ, ਜਿੱਥੇ ਭਾਜਪਾ ਅਤੇ ਗੱਠਜੋੜ ਦੇ ਉਮੀਦਵਾਰ ਅਤੇ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਸੁਣ ਸਕਣਗੇ ਅਤੇ ਉਨ੍ਹਾਂ ਦੇ ਪੰਜਾਬ ਪ੍ਰਤੀ ਨਜ਼ਰੀਏ ਬਾਰੇ ਜਾਣ ਸਕਣਗੇ।
ਜੀਵਨ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਵਰਚੁਅਲ ਰੈਲੀ ਨੂੰ ਲੈ ਕੇ ਗਠਜੋੜ ਦੇ ਉਮੀਦਵਾਰਾਂ ਅਤੇ ਵਰਕਰਾਂ ਵਿੱਚ ਪੂਰਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਸ ਰੈਲੀ ਤੋਂ ਬਾਅਦ ਭਾਜਪਾ ਵਰਕਰ ਹੋਰ ਵੀ ਉਤਸ਼ਾਹ ਨਾਲ ਕੰਮ ਕਰਨਗੇ ਅਤੇ ਭਾਜਪਾ ਅਤੇ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਕੰਮ ਕਰਨਗੇ।