- ‘ਆਪ’ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪਾਰਟੀ ਵਿੱਚ ਕੀਤਾ ਸ਼ਾਮਲ, ਕੀਤਾ ਸਵਾਗਤ
- ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਇੱਕ ਮੌਕਾ ਦੇਣ ਦਾ ਬਣਾਇਆ ਮਨ, ਭਾਰੀ ਬਹੁਮਤ ਨਾਲ ਬਣੇਗੀ ‘ਆਪ’ ਦੀ ਸਰਕਾਰ: ਰਾਘਵ ਚੱਢਾ
ਚੰਡੀਗੜ੍ਹ, 8 ਫਰਵਰੀ 2022 – ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਰਾਜਨੀਤਿਕ ਆਗੂਆਂ ਅਤੇ ਸਮਾਜ ਨਾਲ ਜੁੜੀਆਂ ਪ੍ਰਸਿੱਧ ਸ਼ਖ਼ਸੀਅਤਾਂ ਦਾ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਪੰਜਾਬ ਦੀਆਂ ਕਈ ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਆਪ ਵਿੱਚ ਸ਼ਾਮਲ ਹੋਈਆਂ। ਰਾਘਵ ਚੱਢਾ ਨੇ ਸਾਰਿਆਂ ਦਾ ਸਵਾਗਤ ਕੀਤਾ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਖਰੜ ਤੋਂ ਮੋਹਨੀ ਅਗਰਵਾਲ, ਬਠਿੰਡਾ ਤੋਂ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਇਕਬਾਲ ਸਿੰਘ ਚਾਹਲ, ਜੋ ਕਾਂਗਰਸ ਦੇ ਲੀਗਲ ਸੈੱਲ ਦੇ ਉਪ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਮੌਜੂਦਾ ਉਪ ਚੇਅਰਮੈਨ ਵੀ ਹਨ ਸਮੇਤ ਲਲਿਤ ਕਾਲੀਆ, ਮੋਹਿਤ ਮਲਹੋਤਰਾ ਜ਼ਿਲ੍ਹਾ ਕਾਂਗਰਸ ਕਮੇਟੀ ਵਪਾਰ ਸੈੱਲ ਦੇ ਜਨਰਲ ਸਕੱਤਰ, ਹਨੀ ਚੌਹਾਨ ਕੌਮਾਂਤਰੀ ਮੁੱਕੇਬਾਜ਼, ਗੌਰਵ ਅਰੋੜਾ, ਰਵਿੰਦਰ ਬੰਸਲ, ਪਰਮਜੀਤ ਸਿੰਘ ਕਾਲਾ ਅਤੇ ਨਵਾਂ ਗਰਾਂਉ ਦੇ ਕਿਸ਼ਨ ਯਾਦਵ ਜਿਹੜੇ ਨਵਾਂ ਗਰਾਂਉ ਵਿਕਾਸ ਮੰਚ ਦੇ ਪ੍ਰਧਾਨ ਹਨ, ਜਲੰਧਰ ਤੋਂ ਭਾਜਪਾ ਆਗੂ ਜਿੰਮੀ ਸ਼ੇਖਰ ਕਾਲੀਆ ਨੂੰ ਰਾਘਵ ਚੱਢਾ ਨੇ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਸਾਰਿਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਇੱਕ ਮੌਕਾ ਦੇਣ ਦਾ ਮਨ ਬਣਾ ਲਿਆ ਹੈ। ਲੋਕ 20 ਫਰਵਰੀ ਨੂੰ ਝਾੜੂ ਦਾ ਬਟਨ ਦੱਬ ਕੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਆਪ ਦੀ ਸਰਕਾਰ ਬਣਾਉਣਗੇ।