- ਚੰਨੀ ਨੂੰ ਅਯੋਗ ਐਲਾਨਿਆ, ‘ਮੰਸੂਖ਼’ ਕੀਤੇ ਸਿੱਧੂ ਤੋਂ ਜਲਦ ਹੀ ਕਿਸੇ ਅਣਹੋਣੀ ਦੀ ਚੇਤਾਵਨੀ
- ਪਟਿਆਲੇ ਦੇ ਲੋਕਾਂ ਨੂੰ ‘ਵਿਨਾਸ਼’ ਨੂੰ ਨਹੀਂ ‘ਵਿਕਾਸ’ ਦੇ ਆਧਾਰ ਤੇ ਵੋਟ ਦੇਣ ਦੀ ਕੀਤੀ ਅਪੀਲ, ਝੂਠੇ ਦਾਅਵਿਆਂ ਅਤੇ ਵਾਅਦਿਆਂ ਤੋਂ ਬਚਣ ਲਈ
ਪਟਿਆਲਾ, 9 ਫਰਵਰੀ 2022 – ਪੰਜਾਬ ਲੋਕ ਕਾਂਗਰਸ (ਪੀਐਲਸੀ) ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਾਤ ਦੇ ਆਧਾਰ ‘ਤੇ ਕਰਕੇ ਇੱਕ ਵੱਡੀ ਗਲਤੀ ਕੀਤੀ ਹੈ ਕਿਉਂਕਿ, ਉਨ੍ਹਾਂ ਮੁਤਾਬਕ, ਮੁੱਖ ਮੰਤਰੀ ਦੀ ਚੋਣ ਯੋਗ-ਅਯੋਗਤਾ ਦੇ ਮਾਪਦੰਡਾਂ ‘ਤੇ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਐਸ.ਸੀ., ਜਾਟ ਜਾਂ ਹਿੰਦੂ ਹੋਣ ਦੇ ਆਧਾਰ ਉੱਤੇ।
ਕੈਪਟਨ ਅਮਰਿੰਦਰ ਨੇ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਪਹਿਲਾਂ ਕਦੇ ਵੀ ਜਾਤ ਜਾਂ ਧਾਰਮਿਕ ਅਧਾਰ ‘ਤੇ ਵੰਡਿਆ ਨਹੀਂ ਗਿਆ ਸੀ। ਉਹਨਾਂ ਦੁਹਰਾਇਆ ਕਿ ਚਰਨਜੀਤ ਚੰਨੀ ਕੋਲ ਮੁੱਖ ਮੰਤਰੀ ਦੀ ਯੋਗਤਾ ਨਹੀਂ ਹੈ ਅਤੇ ਚੰਨੀ ਦੇ ਵੱਡੇ-ਵੱਡੇ ਦਾਅਵੇ ਸੂਬੇ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ।
ਕੈਪਟਨ ਅਮਰਿੰਦਰ ਮੁਤਾਬਕ ਚੰਨੀ ਦਾ ਦਾਅਵਾ ਹੈ ਕਿ ਉਸਨੇ 111 ਦਿਨਾਂ ਵਿੱਚ “ਸਭ ਕੁਝ” ਕਰ ਦਿੱਤਾ ਹੈ ਅਤੇ ਉਹ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਓਹਨਾਂ ਕਿਹਾ ਕਿ ਚੰਨੀ ਜਿਨ੍ਹਾਂ ਪ੍ਰੋਜੈਕਟਾਂ ਦੀ ਗੱਲ ਕਰਦੇ ਹਨ ਉਹ ਉਨ੍ਹਾਂ (ਕੈਪਟਨ ਅਮਰਿੰਦਰ ਦੀ) ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸਨ ਅਤੇ ਹਰ ਪ੍ਰੋਜੈਕਟ ਦੇ ਪੂਰਾ ਹੋਣ ਦਾ ਇੱਕ ਸਮਾਂ ਹੁੰਦਾ ਹੈ, ਇਹਨਾਂ ਨੂੰ ਸ਼ੁਰੂ ਹੋਣ ਵਿੱਚ ਹੀ ਕਈ ਮਹੀਨੇ ਲੱਗ ਜਾਂਦੇ। ਕੈਪਟਨ ਚੇਤਾਵਨੀ ਦਿੱਤੀ ਕਿ ਲੋਕਾਂ ਨੂੰ ਅਜਿਹੇ ਨਿਰਲੱਜ ਝੂਠਾਂ ਤੋਂ ਬਚਣਾ ਚਾਹੀਦਾ ਹੈ।
ਪਟਿਆਲਾ ਦਿਹਾਤੀ ਦੇ ਪੀਐੱਲਸੀ ਉਮੀਦਵਾਰ ਸੰਜੀਵ ਕੁਮਾਰ ਬਿੱਟੂ ਦੇ ਹੱਕ ਵਿੱਚ ਇੱਕ ਜਨਤਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ, ਜਿਸ ਨੂੰ ਉਨ੍ਹਾਂ ਦੀ ਕਾਂਗਰਸ ਵੱਲੋਂ ਹੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰੀ ਲਈ ਰੱਦ ਕਰ ਦਿੱਤਾ ਗਿਆ ਹੈ, ਵੱਲੋਂ ਜਲਦ ਹੀ ਇੱਕ ‘ਅਣਹੋਣਾ ਧਮਾਕੇ’ ਦੀ ਚੇਤਾਵਨੀ ਦਿੱਤੀ। ਕੈਪਟਨ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਲੰਬੇ ਸਮੇਂ ਤੱਕ ਚੁੱਪ ਨਹੀਂ ਰਹਿ ਸਕਦਾ ਅਤੇ ਜ਼ਰੂਰ ਕੋਈ ਚਾਲ ਚਲੇਗਾ।
ਕੈਪਟਨ ਨੇ ਚੰਨੀ ਅਤੇ ਸੁਖਜਿੰਦਰ ਰੰਧਾਵਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹਨਾਂ ਵਰਗੇ ਨੇਤਾਵਾਂ ਨੇ ਉਨ੍ਹਾਂ (ਕੈਪਟਨ) ਦੀ ਪਿੱਠ ‘ਚ ਛੁਰਾ ਮਾਰਿਆ ਸੀ ਅਤੇ ਕਾਂਗਰਸ ਹਾਈਕਮਾਂਡ ਨੂੰ ਆਪਣੇ ਨਿੱਜੀ ਸਵਾਰਥਾਂ ਦੇ ਪਿੱਛੇ ਗੁੰਮਰਾਹ ਕਰ ਦਿੱਤਾ ਸੀ। ਪੀਐਲਸੀ ਮੁਖੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਕਿਸੇ ਵਿਅਕਤੀ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਪਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਹਰ ਗਿਜ਼ ਨਹੀਂ ਕਰਨ ਦੇਣਗੇ। ਓਹਨਾਂ ਯਾਦ ਕਰਦਿਆਂ ਕਿਹਾ ਕਿ ਕਿਵੇਂ ਓਹਨਾਂ ਨੇ ਚੰਨੀ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ ਅਤੇ ਉਹਨਾਂ ਦੀ ਵਿਧਾਇਕ ਬਣਨ ਵਿੱਚ ਮਦਦ ਕੀਤੀ ਸੀ ਅਤੇ ਪਿਛਲੀਆਂ ਚੋਣਾਂ ਵਿੱਚ ਰੰਧਾਵਾ ਦੀ ਸੀਟ ਨੂੰ ਵੀ ਯਕੀਨੀ ਬਣਾਇਆ ਸੀ।
ਇੱਕ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਤੱਕ ਸਿਆਸੀ ਅਤੇ ਜਨਤਕ ਜੀਵਨ ਦੇ ਤਜ਼ਰਬੇ ਦੀ ਗੱਲ ਹੈ, ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੀ ਕੋਈ ਤੁਲਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਮੋਦੀ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ ਅਤੇ ਉਸ ਸਮੇਂ ਜਦੋਂ ਉਹ ਦੋਵੇਂ ਮੁੱਖ ਮੰਤਰੀ ਸਨ ਉਹ ਦਿੱਲੀ ਵਿੱਚ ਅਕਸਰ ਉਨ੍ਹਾਂ ਨੂੰ ਮਿਲਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੀ ਕੋਈ ਮੁਸ਼ਕਲ ਸੀ ਤਾਂ ਮੋਦੀ ਸਰਕਾਰ ਨੇ ਉਨ੍ਹਾਂ ਦੀ ਮਦਦ ਕੀਤੀ ਸੀ। “ਸਾਨੂੰ ਪੰਜਾਬ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ (ਮੋਦੀ) ਨਾਲ ਕੰਮ ਕਰਨਾ ਹੀ ਹੋਵੇਗਾ”, ਓਹਨਾਂ ਜ਼ੋਰ ਦਿੱਤਾ। ਕੈਪਟਨ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਇਹਨਾਂ ਚੋਣਾਂ ‘ਤੇ ਨਿਰਭਰ ਕਰਦਾ ਹੈ ਅਤੇ ਸੂਬੇ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਕੇਂਦਰ-ਰਾਜ ਦੇ ਨਜ਼ਦੀਕੀ ਤਾਲਮੇਲ ਦੀ ਲੋੜ ਹੈ।
ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਪਰਨੀਤ ਕੌਰ ਉਨ੍ਹਾਂ ਲਈ ਪ੍ਰਚਾਰ ਕਰੇਗੀ ਜਾਂ ਕਾਂਗਰਸ ਲਈ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਦਾ ਜਵਾਬ ਉਨ੍ਹਾਂ ਦੀ ਪਤਨੀ ਨੂੰ ਹੀ ਦੇਣਾ ਬਣਦਾ ਹੈ। “ਰਾਜਨੀਤੀ ਵੱਖਰੇ ਕਿਸਮ ਦੀ ਹੁੰਦੀ ਹੈ.. ਮੇਰੀ ਮਾਂ ਭਾਜਪਾ ਵਿੱਚ ਸੀ ਅਤੇ ਮੈਂ ਕਾਂਗਰਸ ਵਿੱਚ ਸੀ, ਅਸੀਂ ਸੰਸਦ ਵਿਚ ਉਲਟ ਬੈਂਚਾਂ ‘ਤੇ ਬੈਠਦੇ ਸਾਂ… ਰਾਜਨੀਤੀ ਰਾਜਨੀਤੀ ਹੁੰਦੀ ਹੈ ਅਤੇ ਪਿਆਰ ਪਿਆਰ ਹੁੰਦਾ ਹੈ”, ਉਹਨਾਂ ਨੇ ਟਿੱਪਣੀ ਕੀਤੀ।
ਲੋਕਾਂ ਨੂੰ “ਵਿਕਾਸ” (ਜੋ ਸਿਰਫ਼ ਐਨ.ਡੀ.ਏ. ਹੀ ਪ੍ਰਦਾਨ ਕਰ ਸਕਦਾ ਹੈ) ਲਈ ਵੋਟ ਦੇਣ ਦੀ ਅਪੀਲ ਕਰਦੇ ਹੋਏ, “ਵਿਨਾਸ਼” (ਜਿਸ ਵੱਲ ਪੰਜਾਬ ਨੂੰ ਦੂਜੀਆਂ ਪਾਰਟੀਆਂ ਧੱਕਣਗੀਆਂ) ਨੂੰ ਨਹੀਂ, ਕੈਪਟਨ ਅਮਰਿੰਦਰ ਨੇ ਭਰੋਸਾ ਜਤਾਇਆ ਕਿ ਸੂਬੇ ਦੇ ਲੋਕ ਆਪਣੇ ਹਿੱਤਾਂ ਅਤੇ ਹੱਕਾਂ ਦੇ ਜਾਣਕਾਰ ਹਨ ਅਤੇ ਉਸ ਮੁਤਾਬਕ ਹੀ ਵੋਟ ਕਰਨਗੇ। ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦੇ ਹੱਕ ਵਿੱਚ ਕੀਤੇ ਸਰਵੇਖਣਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਜਿਹੇ ਸਰਵੇਖਣ 2017 ਵਿੱਚ ਵੀ ਕਰਵਾਏ ਗਏ ਸਨ ਅਤੇ ਝੂਠੇ ਸਾਬਤ ਹੋਏ ਸਨ, ਹਾਲਾਂਕਿ ਉਹ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਨ੍ਹਾਂ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਪਰ ਉਨ੍ਹਾਂ ਕਿਹਾ ਕਿ ਓਹਨਾਂ ਦੀ ਪਾਰਟੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰਕੇ ਅਗਲੀ ਸਰਕਾਰ ਬਣਾਉਣ ਲਈ ਤਿਆਰ ਹੈ।
ਤ੍ਰਿਪੜੀ ਚੌਕ, ਪਟਿਆਲਾ ਦਿਹਾਤੀ ਵਿਖੇ ਜਨ ਸਭਾ ਨੂੰ ਸੰਬੋਧਨ ਕਰਦਿਆਂ, ਜਿੱਥੇ ਕਈ ਸਰਪੰਚ ਅਤੇ ਸਥਾਨਕ ਕਾਂਗਰਸੀ ਆਗੂ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਵਿੱਚ ਸ਼ਾਮਲ ਹੋਏ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਹੱਸਦੇ ਚਿਹਰੇ ਪਟਿਆਲਾ ਦਿਹਾਤੀ ਦੇ ਵੋਟਰਾਂ ਦਾ ਸਪੱਸ਼ਟ ਸੰਕੇਤ ਦੱਸਦੇ ਹਨ। ਪੀਐਲਸੀ ਦੇ ਹਾਕੀ ਚਿੰਨ੍ਹ ਵੱਲ ਇਸ਼ਾਰਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਕੀ ਸਟਿੱਕ ਨਾਲ ਗੋਲ ਕਰਨ ਦਾ ਸਮਾਂ ਆ ਗਿਆ ਹੈ।
ਪਟਿਆਲਾ ਦਿਹਾਤੀ ਤੋਂ ਉਮੀਦਵਾਰ ਸੰਜੀਵ ਕੁਮਾਰ ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਕੇਂਦਰ ਸਰਕਾਰਾਂ ਮਿਲ ਕੇ ਕੰਮ ਕਰਨ ਤਾਂ ਸੂਬੇ ਅਤੇ ਪਟਿਆਲਾ ਦੀ ਨੁਹਾਰ ਬਦਲ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੇ ਬਿੱਟੂ ਵੱਲੋਂ ਇਲਾਕੇ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਵਾਰ ਚੁਣੇ ਜਾਣ ਤੋਂ ਇੱਕ ਸਾਲ ਵਿੱਚ ਹੀ ਏਸ ਹਲਕੇ ਦੀ ਨੁਹਾਰ ਬਦਲ ਦੇਣਗੇ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਨੇ ਕਿਹਾ ਕਿ ਪੀਐਲਸੀ-ਭਾਜਪਾ ਗੱਠਜੋੜ ਹੀ ਨਹੀਂ ਬਲਕਿ ਦਿਲਾਂ ਦਾ ਸਬੰਧ ਹੈ ਅਤੇ ਗਠਜੋੜ ਦੇ ਕਾਡਰ ਪਟਿਆਲਾ ਸ਼ਹਿਰੀ ਅਤੇ ਪਟਿਆਲਾ ਦਿਹਾਤੀ ਦੋਵਾਂ ਤੋਂ ਰਿਕਾਰਡ ਜਿੱਤ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਹੇ ਹਨ।
ਇਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਜੌੜੀਆਂ ਭੱਠੀਆਂ ਵਿਖੇ ਮੀਟਿੰਗ ਨੂੰ ਸੰਬੋਧਨ ਕੀਤਾ।