- ਕੇਜਰੀਵਾਲ ਨੇ ਦਿੱਲੀ ਜਲ ਬੋਰਡ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ: ਰਾਘਵ ਚੱਢਾ
- ਕੇਜਰੀਵਾਲ ਸਰਕਾਰ ਆਪਣਾ ਹਰ ਵਾਅਦਾ ਪੂਰਾ ਕਰਦੀ ਹੈ, ਕੇਜਰੀਵਾਲ ਐਲਾਨ ਨਹੀਂ, ਕੰਮ ਕਰਦੇ ਹਨ: ਰਾਘਵ ਚੱਢਾ
ਮਾਈਸਰਖਾਨਾ (ਬਠਿੰਡਾ), 11 ਫਰਵਰੀ 2022 – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ, ”ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਬੋਲਦੇ ਹਨ ਉਹ ਕਰਦੇ ਹਨ, ਇਸ ਦੇ ਉਲਟ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੇਵਲ ਐਲਾਨ ਹੀ ਕਰਦੇ ਹਨ ਅਤੇ ਐਲਾਨਜੀਤ ਚੰਨੀ ਨੇ ਪੰਜਾਬ ਦੇ 36000 ਕੱਚੇ ਮੁਲਾਜ਼ਮਾਂ ਨੂੰ ਧੋਖ਼ਾ ਦਿੰਤਾ ਹੈ।” ਉਨਾਂ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਵਜੂਦ ਨਹੀਂ ਹੈ।
ਪਾਰਟੀ ਉਮੀਦਵਾਰ ਸੁਖਵੀਰ ਸਿੰਘ ਦੇ ਪਿੰਡ ਮਾਈਸਰਖਾਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਘਵ ਚੱਢਾ ਨੇ ਦਾਅਵਾ ਕੀਤਾ,” ਕੇਜਰੀਵਾਲ ਸਰਕਾਰ ਆਪਣਾ ਹਰ ਵਾਅਦਾ ਪੂਰਾ ਕਰਦੀ ਹੈ, ਕੇਜਰੀਵਾਲ ਐਲਾਨ ਨਹੀਂ, ਕੰਮ ਕਰਦੇ ਹਨ। ਬੀਤੇ ਕੱਲ ਹੀ ਕੇਜਰੀਵਾਲ ਨੇ ਦਿੱਲੀ ਜਲ ਬੋਰਡ ਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਦਿੱਲੀ ਵਿੱਚ ਸਾਰੇ ਕੱਚੇ ਮੁਲਾਜ਼ਮ ਪੱਕੇ ਹੋ ਗਏ ਹਨ।” ਉਨਾਂ ਕਿਹਾ ਕਿ ਦਿੱਲੀ ਵਿਚ ਤਾਂ ਆਮ ਆਦਮੀ ਪਾਰਟੀ ਦੀ ਫੁੱਲ ਪਾਵਰ ਵਾਲੀ ਸਰਕਾਰ ਵੀ ਨਹੀਂ ਹੈ, ਫਿਰ ਵੀ ਕੇਜਰੀਵਾਲ ਨੇ ਕੰਮ ਕਰਕੇ ਦਿਖਾਏ ਹਨ, ਜਦੋਂ ਕਿ ਪੰਜਾਬ ਵਿੱਚ ਫੁੱਲ ਪਾਵਰ ਦੀ ਸਰਕਾਰ ਹੈ ਤਾਂ ਵੀ ਇੱਥੇ ਨਾ ਲੋਕਾਂ ਦੇ ਆਮ ਕੰਮਕਾਰ ਹੁੰਦੇ ਹਨ ਅਤੇ ਨਾ ਹੀ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਂਦੇ ਹਨ।
ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੂਰੇ ਪੰਜਾਬ ਵਿੱਚ ਕੋਈ ਖੰਭਾ ਬੋਰਡ ਤੋਂ ਬਿਨਾਂ ਨਹੀਂ ਛੱਡਿਆ, ਜਿਸ ‘ਤੇ ਪੰਜਾਬ ਦੇ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਬਾਰੇ ਮੁੱਖ ਮੰਤਰੀ ਚੰਨੀ ਦੀ ਹੱਥ ਜੋੜੀ ਫੋਟੋ ਨਾ ਲੱਗੀ ਹੋਵੇ। ਚੰਨੀ ਨੇ ਕਈ 100 ਕਰੋੜ ਦੇ ਇਸ਼ਤਿਹਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਲਗਵਾ ਦਿੱਤੇ, ਪਰ ਅੱਜ ਤੱਕ ਇਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ। ਉਨਾਂ ਮੁੱਖ ਮੰਤਰੀ ਚੰਨੀ ਕੋਲੋਂ ਸਵਾਲ ਪੁੱਛਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਫਾਇਲ ਕਿੱਥੇ ਹੈ? ਜਦੋਂ ਇਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ ਤਾਂ ਸਰਕਾਰ ਦੇ ਕਰੋੜਾ ਰੁਪਏ ਇਸ਼ਤਿਹਾਰਾਂ ‘ਤੇ ਕਿਉਂ ਉਡਾ ਦਿੱਤੇ?
ਚੱਢਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਅਧਿਆਪਕਾਂ ‘ਤੇ ਲਾਠੀਆਂ ਚੱਲੀਆਂ, ਕਿਉਂਕਿ ਅਧਿਆਪਕ ਆਪਣੀਆਂ ਮੰਗਾਂ ਲਈ ਧਰਨੇ ਲਾਉਂਦੇ ਰਹੇ। ਚੰਨੀ ਸਾਬ ਨੇ ਕੱਚੇ ਮੁਲਾਜ਼ਮਾਂ ‘ਤੇ ਡੰਡੇ ਚਲਾ ਕੇ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ।