ਚੰਡੀਗੜ੍ਹ, 13 ਫਰਵਰੀ 2022 – ਭਾਜਪਾ ਦੇ ਸਿੱਖ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸੀ ਆਗੂ ਸੁਨੀਲ ਜਾਖੜ ਵੱਲੋਂ ਹਿਜਾਬ ਅਤੇ ਦਸਤਾਰ ਦੀ ਤੁਲਨਾ ਕਰਦਿਆਂ ਦਿੱਤੇ ਬਿਆਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਾਖੜ ਇਹ ਆਖ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅਕਾਲ ਤਖਤ ਇਸ ਮਾਮਲੇ ‘ਤੇ ਕਿਉਂ ਚੁੱਪ ਹਨ। ਉਹਨਾਂ ਕਿਹਾ ਕਿ ਇਹ ਕਾਂਗਰਸ ਦੀ ਸ਼ੁਰੂ ਤੋਂ ਮਾਨਸਿਕਤਾ ਰਹੀ ਹੈ ਕਿ ਉਹ ਸਿੱਖਾਂ ਨੁੰ ਮਾਮਲਿਆਂ ਵਿਚ ਉਲਝਾਉਣਾ ਚਾਹੁੰਦੀ ਹੈ ਤੇ ਜਾਖੜ ਵੀ ਇਹੋ ਕੁਝ ਕਰ ਰਹੇ ਹਨ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਕੌਮ ਨੁੰ ਸਵਾਲ ਕਰਨ ਤੋਂ ਪਹਿਲਾਂ ਜਾਖੜ ਆਪਣੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੁੰ ਪੁੱਛਣ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ ਗਿਆ ਅਤੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਨਾਲ ਸਰੋਵਰ ਭਰਿਆ ਗਿਆ ਤਾਂ ਉਹ ਕਿਉਂ ਚੁੱਪ ਸਨ। ਉਹਨਾਂ ਕਿਹਾ ਕਿ ਜਦੋਂ ਦਿੱਲੀ ਵਿਚ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੜਕਾਂ ‘ਤੇ ਸਾੜੇ ਗਏ ਉਦੋਂ ਇਹ ਗਾਂਧੀ ਟੱਬਰ ਕਿਉਂ ਚੁੱਪ ਸੀ।