ਜਗਰਾਓਂ/ਲੁਧਿਆਣਾ, 13 ਫਰਵਰੀ, 2022 – ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਬੀਜੇਪੀ ਨੇ ਜਗਰਾਂਓ ਹਲਕੇ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕੇ ਕਿਸਾਨਾਂ ਵੱਲੋਂ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਦੇ ਵਿਰੋਧ ‘ਚ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਸੀ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਗਰਾਂਓ ਹਲਕੇ ਚ ਖੜੇ ਉਮੀਦਵਾਰ ਦੇ ਹੱਕ ‘ਚ ਪਿੰਡ ਹਠੂਰ ‘ਚ ਪਹੁੰਚਣਾ ਸੀ। ਜਿਸ ਦੀਆਂ ਖ਼ਬਰਾਂ ਮਿਲਦੇ ਹੀ ਕਿਸਾਨ ਵੱਡੀ ਗਿਣਤੀ ‘ਚ ਪੱਬਾਂ ਭਾਰ ਹੋ ਗਏ ਸਨ। ਜਿਸ ਦੇ ਸਿੱਟੇ ਵਜੋਂ ਕਿਸਾਨਾਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਭਾਜਪਾ ਆਗੂਆਂ ਨੂੰ ਇਹ ਚੋਣ ਫੇਰੀ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਜਨਤਕ ਦਬਾਅ ਦੇ ਚਲਦਿਆਂ ਮੁੱਖ ਮੰਤਰੀ ਖੱਟਰ ਦੀ ਫੇਰੀ ਰੱਦ ਹੋਣ ਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ‘ਚ ਕਿਸਾਨਾਂ ਵੱਲੋਂ ਵਿਸ਼ਾਲ ਜੇਤੂ ਰੈਲੀ ਕੀਤੀ ਗਈ।
ਇਸ ਸਮੇਂ ਵਿਸ਼ੇਸ਼ ਤੋਰ ਤੇ ਪੰਹੁਚੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੇ ਕਿਸਾਨ ਕਿਸਾਨਾਂ ਦੇ ਕਾਤਲ ਨੂੰ ਅਪਣੀ ਧਰਤੀ ਤੇ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੂੰ ਅੱਤਵਾਦੀ ਦੱਸਣ ਵਾਲਾ, ਕਰਨਾਲ ਚ ਕਿਸਾਨ ਦਾ ਕਤਲ ਕਰਨ ਵਾਲਾ, ਬੈਰੀਕੇਡ ਲਾਕੇ ਅੰਦੋਲਨ ਕਾਰੀਆਂ ਤੇ ਜਬਰ ਢਾਹੁਣ ਵਾਲਾ , ਹਜਾਰਾਂ ਅੰਦੋਲਨ ਕਾਰੀ ਕਿਸਾਨਾਂ ਤੇ ਝੂਠੇ ਕੇਸ ਮੜਣ ਵਾਲੇ ਖੱਟਰ ਕਿਸ ਮੂੰਹ ਨਾਲ ਵੋਟਾਂ ਮੰਗਣ ਆ ਰਿਹਾ ਹੈ।