ਚੰਡੀਗੜ੍ਹ, 15 ਫਰਵਰੀ, 2022: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਬੀਤੇ ਦਿਨ 14 ਫਰਵਰੀ ਨੂੰ ਮੋਦੀ ਦੀ ਜਲੰਧਰ ਫੇਰੀ ਦੇ ਵਿਰੋਧ ਵਿਚ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਗਏ ਵਿਸ਼ਵਾਸ਼ਘਾਤ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੇਂਦਰੀ ਭਾਜਪਾ ਹਕੂਮਤ ਦੀਆਂ ਅਰਥੀਆਂ ਪੰਜਾਬ ਦੇ 17 ਜ਼ਿਲ੍ਹਿਆਂ ਦੇ1600 ਤੋਂ ਵੱਧ ਪਿੰਡਾਂ ਵਿੱਚ ਫੂਕੀਆਂ ਗਈਆਂ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਪੱਤਰ ਮਿਤੀ 9 ਦਸੰਬਰ 2021 ਰਾਹੀਂ ਐਮ ਐੱਸ ਪੀ ਦੀ ਗਰੰਟੀ, ਲਖੀਮਪੁਰ ਖੀਰੀ ਕਤਲ ਕਾਂਡ, ਦਿੱਲੀ ਮੋਰਚੇ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ੇ ਤੇ ਨੌਕਰੀਆਂ, ਦੇਸ਼ ਭਰ ਵਿੱਚ ਕਿਸਾਨਾਂ ਵਿਰੁੱਧ ਦਰਜ ਕੀਤੇ ਪੁਲਿਸ ਕੇਸਾਂ ਅਤੇ ਬਿਜਲੀ ਬਿੱਲ-2020 ਦੀ ਵਾਪਸੀ ਆਦਿ ਸੰਬੰਧੀ ਕੀਤੇ ਗਏ ਲਿਖਤੀ ਵਾਅਦਿਆਂ ਤੋਂ ਪਿੱਠ ਭੁਆਉਣ ਵਿਰੁੱਧ ਕਿਸਾਨਾਂ ਅੰਦਰ ਇਸ ਵਿਸ਼ਵਾਸ਼ਘਾਤ ਪ੍ਰਤੀ ਪੈਦਾ ਹੋਏ ਜ਼ਬਰਦਸਤ ਰੋਹ ਕਾਰਨ ਹੀ ਅਜਿਹਾ ਵਿਆਪਕ ਰੋਸ ਪ੍ਰਗਟਾਵਾ ਹੋਇਆ ਹੈ।
ਆਗੂਆਂ ਵੱਲੋਂ ਭਾਜਪਾ ਮੋਦੀ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਸਮੂਹ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਲੋਕ ਏਕਤਾ ਨੂੰ ਚੀਰਾ ਦੇ ਰਹੀਆਂ ਵੋਟ ਪਾਰਟੀਆਂ ਦਾ ਖਹਿੜਾ ਛੱਡ ਕੇ ਵਿਸ਼ਾਲ ਏਕਤਾ ਅਤੇ ਦ੍ਰਿੜ੍ਹ ਆਪਾਵਾਰੂ ਸਿਰੜੀ ਸੰਘਰਸ਼ਾਂ ਦਾ ਪੈਗਾਮ ਘਰ ਘਰ ਪਹੁੰਚਾਉਣ ਲਈ 17 ਫਰਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ।