ਚੰਡੀਗੜ੍ਹ, 16 ਫਰਵਰੀ 2022 – ਦੀਪ ਸਿੱਧੂ ਸੜਕ ਹਾਦਸੇ ਮਾਮਲੇ ‘ਚ ਹਰਿਆਣਾ ਪੁਲਿਸ ਵੱਲੋਂ ਮਾਮਲੇ ‘ਚ FIR ਦਰਜ ਕਰ ਲਈ ਗਈ ਹੈ। ਹਰਿਆਣਾ ਪੁਲਿਸ ਨੇ ਕੰਟੇਨਰ ਦੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੀਪ ਸਿੱਧੂ ਦੀ ਲਾਸ਼ ਨੂੰ ਸੋਨੀਪਤ ਦੇ ਸਰਕਾਰੀ ਹਸਪਤਾਲ ਰੱਖਿਆ ਗਿਆ ਹੈ, ਜਿੱਥੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਅੱਜ (ਬੁੱਧਵਾਰ) ਪੋਸਟਮਾਰਟਮ ਕਰਵਾਇਆ ਜਾਵੇਗਾ।
ਅਦਾਕਾਰ ਤੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦਾ ਕੁੰਡਲੀ ਮਾਨੇਸਰ ਹਾਈਵੇਅ ‘ਤੇ ਬੀਤੀ ਰਾਤ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ। ਅਦਾਕਾਰ ਦੀਪ ਸਿੱਧੂ ਦਾ ਅੰਤਿਮ ਸਸਕਾਰ ਲੁਧਿਆਣਾ ਵਿਖੇ ਕੀਤਾ ਜਾਵੇਗਾ। ਦੀਪ ਸਿੱਧੂ ਦੇ ਦੋਸਤਾਂ ਅਨੁਸਾਰ ਦੀਪ ਸਿੱਧੂ ਦਾ ਡਾਕਟਰਾਂ ਵਲੋਂ 10.30 ਵਜੇ ਪੋਸਟਮਾਰਟਮ ਕੀਤਾ ਜਾਵੇਗਾ। ਪੋਸਟਮਾਰਟਮ ਹੋਣ ਤੋਂ ਬਾਅਦ ਦੱਸਿਆ ਜਾਵੇਗਾ ਕਿ ਦੀਪ ਸਿੱਧੂ ਦਾ ਅੰਤਿਮ ਸਸਕਾਰ ਕਿੰਨੇ ਵਜੇ ਕੀਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਦੀਪ ਸਿੱਧੂ ਦੇ ਅੰਤਿਮ ਸਸਕਾਰ ਮੌਕੇ ਸਾਰੀਆਂ ਰਸਮਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਨਿਭਾਈਆਂ ਜਾਣਗੀਆਂ।
ਅਦਾਕਾਰ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ,ਦੋਸਤ ਐਡਵੋਕੇਟ ਹਾਕਮ ਸਿੰਘ, ਹਰਪ੍ਰੀਤ ਦਿਉਗਣ ਤੇ ਦਲਜੀਤ ਸਿੰਘ ਕਲਸੀ ਨੇ ਕਿਹਾ ਕਿ ਦੀਪ ਸਿੱਧੂ ਨਾਲ ਵਾਪਰੇ ਹਾਦਸੇ ਦੀ ਸੀ.ਬੀ.ਆਈ. ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਇਸ ਬਾਰੇ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਸੜਕਾਂ ਤੋਂ ਕਈ ਦਿਨ ਵਾਹਨਾਂ ਨੂੰ ਨਹੀਂ ਹਟਾਇਆ ਜਾਂਦਾ। ਪਰ ਦੀਪ ਸਿੱਧੂ ਨਾਲ ਵਾਪਰੇ ਹਾਦਸੇ ਤੋਂ ਬਾਅਦ ਉਸ ਦੀ ਸਕਾਰਪੀਓ ਗੱਡੀ ਨੂੰ ਕੁੱਝ ਸਮੇਂ ਬਾਅਦ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੱਡੀ ਨੂੰ ਹਟਾਉਣ ਸਮੇਂ ਪੁਲਿਸ ਵਲੋਂ ਬਣਾਈ ਗਈ ਵੀਡੀਓ ਨੂੰ ਵੀ ਜਨਤਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਬਹੁਤ ਵਧੀਆ ਡਰਾਈਵਰ ਸੀ।