ਨਵੀਂ ਦਿੱਲੀ, 22 ਫਰਵਰੀ 2022 – ਕੇਂਦਰ ਸਰਕਾਰ ਨੇ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਕੇਂਦਰ ਨੇ ਅੱਤਵਾਦੀ ਸੰਗਠਨ ਨਾਲ ਜੁੜੀਆਂ ਐਪਾਂ, ਵੈੱਬਸਾਈਟਾਂ ਅਤੇ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਇਸ ਵਿੱਚ ਸਭ ਤੋਂ ਅਹਿਮ ਹੈ ਪੰਜਾਬ ਪਾਲੀਟਿਕਸ ਟੀ.ਵੀ. ਜਿਸ ਨੂੰ ਬਲਾਕ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੀਤੀ ਹੈ। ਸਰਕਾਰ ਨੂੰ ਸੂਚਨਾ ਮਿਲੀ ਸੀ ਕਿ ਇਸ ਚੈਨਲ ਰਾਹੀਂ ਆਨਲਾਈਨ ਮਾਧਿਅਮ ਦੀ ਦੁਰਵਰਤੋਂ ਕਰਕੇ ਪੰਜਾਬ ਚੋਣਾਂ ਵਿੱਚ ਗੜਬੜੀ ਫੈਲਾਈ ਜਾ ਰਹੀ ਹੈ।
ਕੇਂਦਰ ਦੇ ਅਨੁਸਾਰ, ਪੰਜਾਬ ਪਾਲੀਟਿਕਸ ਟੀਵੀ ਦੇ ਐਸਐਫਜੇ ਨਾਲ ਨੇੜਲੇ ਸਬੰਧ ਹਨ। ਕੇਂਦਰੀ ਖ਼ੁਫ਼ੀਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਇਸ ਚੈਨਲ ਰਾਹੀਂ ਪੰਜਾਬ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦੇਸ਼ਾਂ ਤੋਂ ਚੱਲ ਰਿਹਾ ਇਹ ਚੈਨਲ ਆਨਲਾਈਨ ਮਾਧਿਅਮ ਰਾਹੀਂ ਗੜਬੜ ਫੈਲਾ ਰਿਹਾ ਸੀ। ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਈਆਂ ਸਨ ਪਰ ਕੇਂਦਰ ਨੇ 18 ਫਰਵਰੀ ਨੂੰ ਚੈਨਲ ਨੂੰ ਬੰਦ ਕਰ ਦਿੱਤਾ ਸੀ। ਕੇਂਦਰ ਨੇ ਇਸ ਲਈ ਆਈਟੀ ਨਿਯਮਾਂ ਤਹਿਤ ਦਿੱਤੇ ਐਮਰਜੈਂਸੀ ਅਧਿਕਾਰਾਂ ਦਾ ਹਵਾਲਾ ਦਿੱਤਾ।
ਸਿੱਖਸ ਫਾਰ ਜਸਟਿਸ ਇੱਕ ਖਾਲਿਸਤਾਨੀ ਸੰਗਠਨ ਹੈ, ਜਿਸਦਾ ਮੁੱਖ ਦਫਤਰ ਅਮਰੀਕਾ ਵਿੱਚ ਹੈ। ਕਾਫੀ ਸਮਾਂ ਪਹਿਲਾਂ ਭਾਰਤ ਸਰਕਾਰ ਇਸ ਸੰਸਥਾ ਨੂੰ ਗੈਰ-ਕਾਨੂੰਨੀ ਕਰਾਰ ਦੇ ਚੁੱਕੀ ਹੈ। ਸੰਗਠਨ ਦੇ ਮੈਂਬਰ ਭਾਰਤੀ ਜਾਂਚ ਏਜੰਸੀ ਦੇ ਰਡਾਰ ‘ਤੇ ਹਨ। ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਭਾਰਤ ਵਿੱਚ ਆਗੂਆਂ ਨੂੰ ਧਮਕੀਆਂ ਦੇਣ ਦੇ ਨਾਲ-ਨਾਲ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਉਣ ਵਰਗੇ ਕਈ ਐਲਾਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਤੋਂ ਇਲਾਵਾ ਪੰਨੂ ਨੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕਮੀ ਦੇ ਮੁੱਦੇ ਨੂੰ ਵੀ ਖਾਲਿਸਤਾਨ ਨਾਲ ਜੋੜਿਆ ਸੀ।