ਚੰਡੀਗੜ੍ਹ, 23 ਫਰਵਰੀ 2022 – ਚੰਡੀਗੜ੍ਹ ਵਿੱਚ ਬਿਜਲੀ ਦਾ ਸੰਕਟ ਜਾਰੀ ਹੈ। ਪ੍ਰਸ਼ਾਸਨ ਵੱਲੋਂ ਐਸਮਾ ਲਾਗੂ ਕਰ ਦਿੱਤਾ ਗਿਆ ਹੈ। ਹਾਲਾਂਕਿ ਕਰਮਚਾਰੀ ਹੜਤਾਲ ‘ਤੇ ਅੜੇ ਹੋਏ ਹਨ। ਇਸ ਸਮੱਸਿਆ ਨੂੰ ਦੇਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਦਾ ਨੋਟਿਸ ਲਿਆ ਸੀ। ਇਸ ਮਾਮਲੇ ਦੀ ਸੁਣਵਾਈ ਅੱਜ ਹੋਵੇਗੀ। ਜਿਸ ਵਿੱਚ ਬਿਜਲੀ ਵਿਭਾਗ ਦੇ ਮੁੱਖ ਇੰਜਨੀਅਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਸ਼ਹਿਰ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਲਈ ਫੌਜ ਤੋਂ ਵੀ ਸਹਿਯੋਗ ਲਿਆ ਗਿਆ ਹੈ। ਪ੍ਰਸ਼ਾਸਨ ਨੂੰ ਮਿਲਟਰੀ ਇੰਜਨੀਅਰਿੰਗ ਸਰਵਿਸ (ਐਮਈਐਸ), ਪੱਛਮੀ ਕਮਾਂਡ, ਚੰਡੀ ਮੰਦਰ ਤੋਂ ਮਦਦ ਮਿਲੀ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਸਹਿਯੋਗ ਮੰਗਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਵਿੱਚ ਪ੍ਰਸ਼ਾਸਨ ਨੇ ਕਿਹਾ ਸੀ ਕਿ ਪੰਜਾਬ ਨੇ ਮੁਲਾਜ਼ਮਾਂ ਨੂੰ ਡੈਪੂਟੇਸ਼ਨ ’ਤੇ ਭੇਜਣ ਤੋਂ ਅਸਮਰੱਥਾ ਪ੍ਰਗਟਾਈ ਹੈ।
ਬਿਜਲੀ ਕਾਮਿਆਂ ਦੀ ਹੜਤਾਲ ਕਾਰਨ ਚੰਡੀਗੜ੍ਹ ਵਿੱਚ ਬਿਜਲੀ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ, ਜਿਸ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਹੋਣ ਵਾਲੀਆਂ ਸਰਜਰੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੀਜੀਆਈ ਨੂੰ ਵੀ ਅਲਰਟ ਮੋਡ ‘ਤੇ ਚਲਾ ਦਿੱਤਾ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਪੈਦਾ ਨਾ ਹੋਵੇ। ਇਸ ਦੇ ਬਾਵਜੂਦ ਸ਼ਹਿਰ ਦੇ ਹਾਲਾਤ ਅਜੇ ਤੱਕ ਸੁਧਰੇ ਨਹੀਂ ਹਨ। ਅੱਧੇ ਤੋਂ ਵੱਧ ਸ਼ਹਿਰ ਹਨੇਰੇ ਵਿੱਚ ਹੈ। ਲੋਕਾਂ ਦੇ ਮੋਬਾਈਲ, ਲੈਪਟਾਪ, ਫਰਿੱਜ, ਟੀ.ਵੀ., ਇਨਵਰਟਰ ਆਦਿ ਸਭ ਬੰਦ ਪਏ ਹਨ। ਦੁਕਾਨਾਂ ਵਿੱਚ ਲੋਕਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਦੋ ਦਿਨ ਹੋਰ ਅਜਿਹੀ ਸਥਿਤੀ ਨੂੰ ਝੱਲਣਾ ਪਿਆ ਤਾਂ ਮੁਸ਼ਕਲ ਹੋਵੇਗੀ।
ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਯੂਨੀਅਨ ਆਪਣੀ ਮੰਗ ‘ਤੇ ਅੜੀ ਹੋਈ ਹੈ। ਉਹ ਵਿਭਾਗ ਦਾ ਨਿੱਜੀਕਰਨ ਨਹੀਂ ਚਾਹੁੰਦੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪਰੇਡ ਗਰਾਊਂਡ ਸੈਕਟਰ 17 ਦੇ ਸਾਹਮਣੇ ਪਾਵਰਮੈਨ ਯੂਨੀਅਨ ਦੇ ਪ੍ਰਦਰਸ਼ਨ ‘ਚ ਕਾਂਗਰਸ ਅਤੇ ‘ਆਪ’ ਆਗੂਆਂ ਨੇ ਆ ਕੇ ਇਸ ਨੂੰ ਵੱਡਾ ਰੂਪ ਦਿੱਤਾ। ਪ੍ਰਸ਼ਾਸਨ ਅਤੇ ਮੁਲਾਜ਼ਮਾਂ ਵਿਚਾਲੇ ਚੱਲ ਰਹੀ ਇਸ ਲੜਾਈ ਵਿੱਚ ਲਗਾਤਾਰ ਬਿਜਲੀ ਦੇ ਬਿੱਲ ਭਰਨ ਵਾਲੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।