ਚੰਡੀਗੜ੍ਹ, 23 ਫਰਵਰੀ 2022 – ਪੰਜਾਬ ਚੋਣਾਂ ਲਈ ਵੋਟਾਂ ਪੈਣ ਤੋਂ ਬਾਅਦ ਚੰਡੀਗੜ੍ਹ ‘ਚ ਕਾਂਗਰਸ ਦੀ ਬੀਤੇ ਦਿਨ 22 ਫਰਵਰੀ ਨੂੰ ਸ਼ਾਮ ਨੂੰ ਇੱਕ ਮੀਟਿੰਗ ਹੋਈ। ਜਿਸ ਵਿੱਚ ਸੀਐਮ ਚੰਨੀ ਸਮੇਤ ਕਈ ਮੰਤਰੀ ਨਜ਼ਰ ਆਏ ਪਰ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਇਸ ਮੀਟਿੰਗ ‘ਚੋਂ ਗੈਰਹਾਜ਼ਰ ਰਹੇ। ਇਸ ਮੀਟਿੰਗ ‘ਚ ਪਈਆਂ ਵੋਟਾਂ ਨੂੰ ਲੈ ਕੇ ਮੰਥਨ ਕੀਤਾ ਗਿਆ ਅਤੇ ਮੰਥਨ ‘ਚ ਕਾਂਗਰਸ ਨੂੰ ਦੋਆਬੇ ਅਤੇ ਮਾਝੇ ਤੋਂ ਸਰਕਾਰ ਦੀ ਵਾਪਸੀ ਦੀ ਉਮੀਦ ਹੈ। ਉਂਜ ਮਾਲਵੇ ਵਿੱਚ ਵਧੀ ਪੋਲਿੰਗ ਕਾਰਨ ਤਣਾਅ ਵੀ ਬਣਿਆ ਹੋਇਆ ਹੈ। ਹੁਣ ਸਭ ਦੀਆਂ ਨਜ਼ਰਾਂ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ‘ਤੇ ਟਿਕੀਆਂ ਹੋਈਆਂ ਹਨ।
ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਸੀਐਮ ਚਰਨਜੀਤ ਚੰਨੀ, ਡਿਪਟੀ ਸੀਐਮ ਸੁਖਜਿੰਦਰ ਰੰਧਾਵਾ, ਪ੍ਰਗਟ ਸਿੰਘ, ਤ੍ਰਿਪਤ ਰਾਜਿੰਦਰ ਬਾਜਵਾ ਅਤੇ ਭਾਰਤ ਭੂਸ਼ਣ ਆਸ਼ੂ ਸਮੇਤ ਕੁਝ ਹੋਰ ਵੱਡੇ ਆਗੂ ਸ਼ਾਮਿਲ ਹੋਏ।
ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਇਸ ਗੱਲ ਦਾ ਅੰਦਾਜ਼ਾ ਲਗਾ ਰਹੀ ਹੈ ਕਿ ਦੋਆਬੇ ‘ਚ ਕਾਂਗਰਸ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ। ਇੱਥੇ ਕੁੱਲ 23 ਸੀਟਾਂ ਹਨ, ਜਿਨ੍ਹਾਂ ਵਿੱਚੋਂ ਪਿਛਲੀ ਵਾਰ 15 ਸੀਟਾਂ ਜਿੱਤੀਆਂ ਸਨ। ਇਸ ਵਾਰ ਕਾਂਗਰਸ ਨੂੰ ਇੱਥੋਂ 18 ਤੋਂ 20 ਸੀਟਾਂ ਮਿਲਣ ਦੀ ਉਮੀਦ ਹੈ। ਮਾਝੇ ਵਿੱਚ ਪਿਛਲੀ ਵਾਰ ਕਾਂਗਰਸ ਨੇ 25 ਵਿੱਚੋਂ 22 ਸੀਟਾਂ ਜਿੱਤੀਆਂ ਸਨ। ਇਸ ਵਾਰ ਕਾਂਗਰਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਉਮੀਦ ਕਰ ਰਹੀ ਹੈ।
ਕਾਂਗਰਸ ਨੇ ਪਿਛਲੀ ਵਾਰ ਮਾਲਵੇ ਵਿੱਚ 69 ਵਿੱਚੋਂ 40 ਸੀਟਾਂ ਜਿੱਤੀਆਂ ਸਨ। ਇੱਥੇ ਬੰਪਰ ਵੋਟਿੰਗ ਹੋਈ ਹੈ, ਇਸ ਲਈ ਕਾਂਗਰਸ ਨੂੰ ਹਾਰ ਦੀ ਚਿੰਤਾ ਹੈ। ਹਾਲਾਂਕਿ, ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਵੇਂ ਉਹ ਪਿਛਲੀ ਵਾਰ ਦੀ ਤਰ੍ਹਾਂ 40 ਸੀਟਾਂ ਨਾ ਜਿੱਤ ਸਕੇ ਪਰ ਕੁਝ ਨਵੀਆਂ ਸੀਟਾਂ ਜਿੱਤ ਸਕਦਾ ਹੈ। ਕਾਂਗਰਸ ਨੂੰ ਉਮੀਦ ਹੈ ਕਿ ਸੀਐਮ ਚੰਨੀ ਦੇ ਕਾਰਨ ਕੁਝ ਐਸਸੀ ਵੋਟ ਬੈਂਕ ਜ਼ਰੂਰ ਉਨ੍ਹਾਂ ਦੇ ਹੱਕ ਵਿੱਚ ਆ ਜਾਵੇਗਾ। ਪਿਛਲੀ ਵਾਰ ਕਾਂਗਰਸ ਨੂੰ 77 ਸੀਟਾਂ ਮਿਲੀਆਂ ਸਨ, ਇਸ ਵਾਰ ਕਾਂਗਰਸ ਦਾ ਧਿਆਨ ਬਹੁਮਤ ਦੇ ਅੰਕੜੇ 59 ਤੱਕ ਪਹੁੰਚਣ ‘ਤੇ ਹੈ।
ਕਾਂਗਰਸ ਨੇ ਇਸ ਚੋਣ ਵਿੱਚ ਨਵਜੋਤ ਸਿੱਧੂ ਨੂੰ ਲਾਂਭੇ ਕਰ ਦਿੱਤਾ ਸੀ। ਉਹ ਲਗਾਤਾਰ ਮੁੱਖ ਮੰਤਰੀ ਦੇ ਚਿਹਰੇ ‘ਤੇ ਦਾਅਵਾ ਪੇਸ਼ ਕਰ ਰਹੇ ਸਨ। ਕਾਂਗਰਸ ਨੇ ਸਿੱਧੂ ਦੀ ਬਜਾਏ CM ਚਰਨਜੀਤ ਚੰਨੀ ‘ਤੇ ਬਾਜ਼ੀ ਖੇਡੀ। ਇਸ ਦਾ ਮੁੱਖ ਕਾਰਨ ਦੁਆਬੇ ਦਾ ਵੋਟ ਬੈਂਕ ਹੈ। ਜਿਸ ਵਿੱਚ ਫਿਲਹਾਲ ਚੰਨੀ ਫੈਕਟਰ ਦੇਖਣ ਨੂੰ ਮਿਲਿਆ ਹੈ। ਉਂਜ ਪੰਜਾਬ ਦੇ ਵੋਟਰ ਕੀ ਫੈਸਲਾ ਲੈਂਦੇ ਹਨ, ਇਹ ਤਾਂ 10 ਮਾਰਚ ਨੂੰ ਹੀ ਪਤਾ ਲੱਗੇਗਾ।