ਨਵੀਂ ਦਿੱਲੀ, 23 ਫਰਵਰੀ 2022 – ਟਰਾਂਸਪੋਰਟ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਕਾਰ ਨਿਰਮਾਤਾ, ਦਰਾਮਦਕਾਰ ਜਾਂ ਡੀਲਰ ਵਾਹਨਾਂ ਦੇ ਨਿਰਮਾਣ ਅਤੇ ਰੱਖ-ਰਖਾਅ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 1 ਸਾਲ ਦੀ ਕੈਦ ਅਤੇ ਪ੍ਰਤੀ ਵਾਹਨ 1 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਪਹਿਲਾਂ ਇਸ ਨਿਯਮ ਦੀ ਉਲੰਘਣਾ ਕਰਨ ‘ਤੇ ਜੁਰਮਾਨਾ 1000 ਅਤੇ 5000 ਰੁਪਏ ਸੀ ਪਰ ਹੁਣ ਨਵੇਂ ਨਿਯਮ ਦੇ ਮੁਤਾਬਕ ਜੁਰਮਾਨਾ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਦੋ ਪਹੀਆ ਵਾਹਨ ਚਾਲਕਾਂ ਲਈ ਇੱਕ ਨਵਾਂ ਨਿਯਮ ਲਿਆਇਆ ਹੈ। ਇਸ ‘ਚ ਘੱਟ ਉਮਰ ਦੇ ਬੱਚਿਆਂ ਨੂੰ ਦੋਪਹੀਆ ਵਾਹਨ ‘ਤੇ ਲਿਜਾਣ ਲਈ ਨਵੇਂ ਸੁਰੱਖਿਆ ਨਿਯਮ ਨੋਟੀਫਾਈ ਕੀਤੇ ਗਏ ਹਨ। ਇਸ ਨਵੇਂ ਨਿਯਮ ਵਿੱਚ, ਦੋਪਹੀਆ ਵਾਹਨ ਚਾਲਕਾਂ ਲਈ ਬੱਚਿਆਂ ਲਈ ਹੈਲਮੇਟ ਅਤੇ ਹਾਰਨੈੱਸ ਬੈਲਟ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ ਅਤੇ ਵਾਹਨ ਦੀ ਗਤੀ ਨੂੰ ਸਿਰਫ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਸੀਮਤ ਕੀਤਾ ਜਾਵੇਗਾ।
ਨਵੇਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ 1000 ਰੁਪਏ ਦਾ ਜ਼ੁਰਮਾਨਾ ਅਤੇ ਤਿੰਨ ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਮੁਅੱਤਲ ਕੀਤਾ ਜਾ ਸਕਦਾ ਹੈ। ਦੋ ਪਹੀਆ ਵਾਹਨਾਂ ‘ਤੇ ਪਿੱਛੇ ਬੈਠਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਮੋਟਰ ਵਹੀਕਲ ਐਕਟ ਵਿੱਚ ਇੱਕ ਨਵਾਂ ਨਿਯਮ ਸ਼ਾਮਲ ਕਰਨ ਲਈ ਸੋਧ ਕੀਤੀ ਗਈ ਹੈ। ਇਹ ਨਿਯਮ ਚਾਰ ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਕਵਰ ਕਰਦਾ ਹੈ।

ਨਵੇਂ ਨਿਯਮਾਂ ਦੇ ਅਨੁਸਾਰ, ਵਰਤਿਆ ਜਾਣ ਵਾਲਾ ਸੁਰੱਖਿਆ ਹਾਰਨੈੱਸ ਹਲਕਾ, ਵਾਟਰਪ੍ਰੂਫ, ਕੁਸ਼ਨ ਵਾਲਾ ਅਤੇ 30 ਕਿਲੋ ਭਾਰ ਚੁੱਕਣ ਦੀ ਸਮਰੱਥਾ ਵਾਲਾ ਹੋਣਾ ਚਾਹੀਦਾ ਹੈ। ਯਾਤਰਾ ਦੇ ਪੂਰੇ ਸਮੇਂ ਦੌਰਾਨ ਬੱਚੇ ਨੂੰ ਸੁਰੱਖਿਅਤ ਰੱਖਣ ਲਈ, ਡਰਾਈਵਰ ਨੂੰ ਬਾਲ ਸੁਰੱਖਿਆ ਹਾਰਨੈੱਸ ਬੰਨ੍ਹਣਾ ਪੈਂਦਾ ਹੈ, ਜੋ ਕਿ ਦੋ ਪੱਟੀਆਂ ਨਾਲ ਆਉਂਦਾ ਹੈ।
ਇਸ ਨਵੇਂ ਨਿਯਮ ‘ਚ ਸਫਰ ਦੌਰਾਨ ਕਰੈਸ਼ ਹੈਲਮੇਟ ਜਾਂ ਸਾਈਕਲ ਹੈਲਮੇਟ ਪਾਉਣਾ ਜ਼ਰੂਰੀ ਹੋਵੇਗਾ। ਹੈਲਮੇਟ ਨੂੰ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕੇਂਦਰ ਨੇ ਨਿਰਮਾਤਾਵਾਂ ਨੂੰ ਬੱਚਿਆਂ ਲਈ ਹੈਲਮੇਟ ਬਣਾਉਣਾ ਸ਼ੁਰੂ ਕਰਨ ਲਈ ਪਹਿਲਾਂ ਹੀ ਸੂਚਿਤ ਕੀਤਾ ਹੈ।
