ਬਠਿੰਡਾ, 23 ਫਰਵਰੀ 2022: ਮੋਗਾ ’ਚ ਅੱਜ ਕੁੱਝ ਕਾਰ ਸਵਾਰ ਨਕਾਬਪੋਸ਼ਾਂ ਵੱਲੋਂ ਲਾਲ ਸਿੰਘ ਰੋਡ ’ਤੇ ਸੜਕ ਕਿਨਾਰੇ ਬੈਠੀ ਮੁਟਿਆਰ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੋਗਾ ਦੇ ਲਾਲ ਸਿੰਘ ਰੋਡ ’ਤੇ ਸੜਕ ਕਿਨਾਰੇ ਬੈਠੀ ਇੱਕ ਕੁੜੀ ਨੂੰ ਹਰਿਆਣਾ ਨੰਬਰ ਅਲਟੋ ਕਾਰ ’ਤੇ ਆਏ ਨਕਾਬਪੋਸ਼ ਨੌਜਵਾਨ ਜਬਰਨ ਗੱਡੀ ‘ਚ ਬਿਠਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਕੁੜੀ ਨੂੰ ਅਗਵਾ ਕਰਨ ਦੀ ਇਹ ਸਾਰੀ ਘਟਨਾ ਉਕਤ ਸਥਾਨ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ।
ਦਿਨ ਦਿਹਾੜੇ ਦਲੇਰਾਨਾ ਢੰਗ ਨਾਲ ਕੀਤੀ ਇਸ ਵਾਰਦਾਤ ਕਾਰਨ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਅਗਵਾ ਕੀਤੀ ਲੜਕੀ ਦੀ ਉਮਰ ਕਰੀਬ 24 ਸਾਲ ਦੱਸੀ ਜਾ ਰਹੀ ਹੈ ਜਿਸ ਨੂੰ ਅਗਵਾ ਕਰਨ ਲਈ ਹਰਿਆਣਾ ਦੇ ਨੰਬਰ ਵਾਲੀ ਆਲਟੋ ਵਰਤੀ ਗਈ ਹੈ ਜਿਸ ਤੇ ਆਏ ਨਕਾਬਪੋਸ਼ ਨੌਜਵਾਨਾਂ ਨੇ ਕੁੜੀ ਨੂੰ ਜਬਰਨ ਗੱਡੀ ‘ਚ ਬਿਠਾ ਲਿਆ ਅਤੇ ਫਰਾਰ ਹੋ ਗਏ। ਲੜਕੀ ਅਗਵਾ ਕਰਨ ਦੀ ਵਾਰਦਾਤ ਨਜ਼ਦੀਕ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ। ਮਾਮਲੇ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਸ ਸੜਕ ਤੇ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫਟੇਜ਼ ਨੂੰ ਖੰਘਾਲਿਆ ਜਾ ਰਿਹਾ ਹੈ।
ਲੜਕੀ ਦੇ ਭਰਾ ਰੋਹਿਤ ਵਾਸੀ ਤਲਵੰਡੀ ਮੰਗੇ ਖਾਂ ਦੇ ਦੱਸਣ ਮੁਤਾਬਿਕ ਉਹ ਆਪਣੀ ਭੈਣ ਨਾਲ ਲਾਲ ਸਿੰਘ ਰੋਡ ਤੋਂ ਕਿਸੇ ਕੋਲੋਂ ਪੈਸੇ ਲੈਣ ਲਈ ਆਇਆ ਸੀ। ਉਸਨੇ ਆਪਣੀ ਭੈਣ ਨੂੰ ਇਕ ਦੁਕਾਨ ਅੱਗੇ ਬਿਠਾ ਦਿੱਤਾ ਅਤੇ ਜਿਸ ਤੋਂ ਪੈਸੇ ਲੈਣੇ ਸਨ ਉਨ੍ਹਾਂ ਦਾ ਘਰ ਲੱਭਣ ਲੱਗ ਪਿਆ ਅਤੇ ਪਿੱਛੋਂ ਕਾਰ ਸਵਾਰ ਲੜਕੀ ਨੂੰ ਚੁੱਕ ਕੇ ਲੈ ਗਏ। ਘਟਨਾ ਸਥਾਨ ’ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਅਚਾਨਕ ਇੱਕ ਕਾਰ ਆਈ ਜਿਸ ’ਚ ਤਿੰਨ ਨਕਾਬਪੋਸ਼ ਨੌਜਵਾਨ ਸਨ ਅਤੇ ਉਨ੍ਹਾਂ ਦੇ ਨਾਲ ਇੱਕ ਔਰਤ ਵੀ ਬੈਠੀ ਹੋਈ ਸੀ। ਉਨ੍ਹਾਂ ਦੱਸਿਆ ਕਿ ਨਕਾਬਪੋਸ਼ ਨੌਜਵਾਨਾਂ ਨੇ ਲੜਕੀ ਨੂੰ ਜਬਰਦਸਤੀ ਕਾਰ ’ਚ ਸੁੱਟ ਲਿਆ ਅਤੇ ਫਰਾਰ ਹੋ ਗਏ। ਲੋਕਾਂ ਦੇ ਦੱਸਣ ਮੁਤਾਬਿਕ ਲੜਕੀ ਨੇ ਆਪਣਾ ਪਰਸ ਤੇ ਮੋਬਾਇਲ ਸੁੱਟ ਦਿਤਾ ਸੀ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਪਛਾਣ ਕੁਲਦੀਪ ਕੌਰ ਵਾਸੀ ਤਲਵੰਡੀ ਮੰਗੇ ਖਾਂ ਦੇ ਤੌਰ ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦਾ ਤਲਾਕ ਹੋ ਚੁੱਕਿਆ ਹੈ ਅਤੇ ਅੱਜ ਉਹ ਆਪਣੇ ਪੈਸੇ ਲੈਣ ਲਈ ਆਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਬਿਆਨ ਲਿਖਕੇ ਅਕਗਲੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਪੜਤਾਲ ਨੂੰ ਅੱਗੇ ਵਧਾਉਣ ਲਈ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ਼ ਅਤੇ ਕਾਲ ਡਿਟੇਲ ਕਢਾਈ ਜਾ ਰਹੀ ਹੈ।