ਚੰਡੀਗੜ੍ਹ, 25 ਫਰਵਰੀ 2022 – 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਪੰਜਾਬ ‘ਚ ਹੰਗਾਮਾ ਹੋ ਗਿਆ ਹੈ। ਇਸ ਪੁਸਤਕ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਬਾਰੇ ਵਿਵਾਦਤ ਗੱਲਾਂ ਲਿਖੀਆਂ ਗਈਆਂ ਹਨ। ਜਿਸ ਵਿੱਚ ਕਿਹਾ ਗਿਆ ਸੀ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਫੌਜ ਵਿੱਚ ਸੇਵਾ ਕੀਤੀ ਸੀ। ਉਸ ਨੂੰ ਜੱਟਾਂ ਨੇ ਤਲਵਾਰ ਚੁੱਕਣ ਲਈ ਮਜ਼ਬੂਰ ਕੀਤਾ। ਇਸ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਵਿਵਾਦਿਤ ਪੁਸਤਕ ਨੂੰ ਸਿਲੇਬਸ ਵਿੱਚੋਂ ਤੁਰੰਤ ਹਟਾ ਕੇ ਤੱਥਾਂ ਨੂੰ ਦਰੁਸਤ ਕਰਨ ਲਈ ਕਿਹਾ ਹੈ। ਉਨ੍ਹਾਂ ਕਾਂਗਰਸ ਸਮੇਤ ਪਿਛਲੀ ਅਕਾਲੀ-ਭਾਜਪਾ ਸਰਕਾਰ ‘ਤੇ ਸਿੱਖ ਇਤਿਹਾਸ ਅਤੇ ਗੁਰੂਆਂ ਦੀ ਬਾਣੀ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਹੈ।
ਸੰਧਵਾਂ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਲਿਖਿਆ ਗਿਆ ਹੈ ਕਿ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਦੀ ਰਿਹਾਈ ਮਗਰੋਂ ਮੁਗ਼ਲ ਸ਼ਾਸਕ ਦੀ ਫ਼ੌਜ ਵਿੱਚ ਸੇਵਾ ਨਿਭਾਈ ਸੀ। ਇਹ ਗੱਲ ‘ਪੰਜਾਬ ਕਾ ਇਤਿਹਾਸ’ ਨਾਂ ਦੀ ਕਿਤਾਬ ਦੇ ਪੰਨਾ ਨੰਬਰ 81 ਵਿੱਚ ਲਿਖੀ ਗਈ ਹੈ। ਸੰਧਵਾਂ ਨੇ ਸਵਾਲ ਕੀਤਾ ਕਿ ਕੀ ਸੱਤਾਧਾਰੀ ਧਿਰ ਅਤੇ ਅਖੌਤੀ ਵਿਦਵਾਨ ਇਸ ਗੱਲ ਨੂੰ ਸੱਚ ਮੰਨਦੇ ਹਨ। ਜੇਕਰ ਨਹੀਂ ਤਾਂ ਇਹ ਕਿਤਾਬ ਸਕੂਲੀ ਸਿਲੇਬਸ ਵਿੱਚ ਕਿਉਂ ਹੈ ? ਇਸ ਬਾਰੇ ਹਰ ਕੋਈ ਚੁੱਪ ਕਿਉਂ ਹੈ ?
ਸੰਧਵਾਂ ਨੇ ਕਿਹਾ ਕਿ ਪੁਸਤਕ ਵਿੱਚ ਲਿਖਿਆ ਗਿਆ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਪੰਜਾਬ ਦੇ ਜੱਟਾਂ ਦੇ ਦਬਾਅ ਕਾਰਨ ਤਲਵਾਰ ਚੁੱਕਣ ਲਈ ਮਜਬੂਰ ਕੀਤਾ ਗਿਆ ਸੀ। ਕੀ ਇਹ ਟਿੱਪਣੀਆਂ ਮੀਰੀ-ਪੀਰੀ ਦੇ ਸੰਕਲਪ ‘ਤੇ ਸਿੱਧਾ ਹਮਲਾ ਨਹੀਂ ਹਨ ? ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਇਸ ਸਬੰਧੀ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੱਟਾਂ ਕਰਕੇ ਖ਼ਾਲਸਾ ਪੰਥ ਦੀ ਸਥਾਪਨਾ ਦੀ ਗੱਲ ਕੀਤੀ ਗਈ ਹੈ, ਜੋ ਕਿ ਨਾ ਸਿਰਫ਼ ਗ਼ਲਤ ਹੈ, ਸਗੋਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਕੁਲਤਾਰ ਸੰਧਵਾਂ ਨੇ ਕਿਹਾ ਕਿ ਇਨ੍ਹਾਂ ਪੁਸਤਕਾਂ ਵਿੱਚ ਇਤਿਹਾਸਕ ਤੱਥਾਂ ਦੇ ਨਾਲ-ਨਾਲ ਸ਼੍ਰੀ ਗੁਰੂ ਤੇਗ ਬਹਾਦਰ, ਖਾਲਸਾ ਪੰਥ ਅਤੇ ਸ਼ਹੀਦ ਊਧਮ ਸਿੰਘ ਵਰਗੇ ਕ੍ਰਾਂਤੀਕਾਰੀਆਂ ਬਾਰੇ ਉਲ-ਜਲੂਲ ਟਿੱਪਣੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਕਿਤਾਬ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ 100 ਰੁਪਏ ਦੀ ਕਿਤਾਬ 400 ਰੁਪਏ ਵਿੱਚ ਵਿਕ ਰਹੀ ਹੈ।