ਖੇਤੀ ਖੇਤਰ ਵਿੱਚ ਆਤਮ ਨਿਭਰਤਾ ਹੀ ਭਾਰਤ ਨੂੰ ਬਣਾ ਸਕਦੀ ਹੈ ‘ਆਤਮ ਨਿਰਭਰ’: ਹਰਪਾਲ ਚੀਮਾ

  • ਭਾਜਪਾ ਤੇ ਕਾਂਗਰਸ ਸਰਕਾਰਾਂ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਭਾਰਤ ਖਾਧ ਉਦਪਾਦਾਂ ਲਈ ਦੂਜੇ ਦੇਸ਼ਾਂ ‘ਤੇ ਨਿਰਭਰ: ਹਰਪਾਲ ਸਿੰਘ ਚੀਮਾ
  • ਕਿਹਾ, ਫ਼ਸਲਾਂ ਦਾ ਮੰਡੀਕਰਨ ਅਤੇ ਐਮ.ਐਸ.ਪੀ ਪੱਕੀ ਕਰਨਾ ਖੇਤੀ ਸੁਧਾਰਾਂ ਲਈ ਬੇਹੱਦ ਜ਼ਰੂਰੀ
  • ਪੰਜਾਬ ‘ਚ ਖਾਣ ਵਾਲੇ ਤੇਲ ਦੀ ਜ਼ਰੂਰਤ ਪੂਰੀ ਕਰਨ ਦੀ ਯੋਗਤਾ, ਤਿਲਹਨ ਦੀ ਖੇਤੀ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰੇ ਸਰਕਾਰ

ਚੰਡੀਗੜ੍ਹ, 1 ਮਾਰਚ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੂਜੇ ਦੇਸ਼ਾਂ ‘ਤੇ ਖਾਧ ਪਦਾਰਥਾਂ ਲਈ ਭਾਰਤ ਦੀ ਨਿਰਭਰਤਾ ‘ਤੇ ਮੁੜ ਗੌਰ ਕਰਨ ਦਾ ਬੇਹੱਦ ਢੁਕਵਾਂ ਸਮਾਂ ਹੈ। ਚੀਮਾ ਨੇ ਕਿਹਾ ਕਿ ਭਾਰਤ ਵੱਡੀ ਮਾਤਰਾ ਵਿੱਚ ਖਾਣ ਵਾਲੇ ਤੇਲਾਂ ਦਾ ਆਯਾਤ ਕਰਦਾ ਹੈ, ਜਦੋਂ ਕਿ ਦੇਸ਼ ਦੇ ਕਿਸਾਨ ਇਨਾਂ ਚੀਜ਼ਾਂ ਦਾ ਉਤਪਾਦਨ ਕਰਨ ਵਿੱਚ ਪੂਰੀ ਤਰਾਂ ਸਮਰੱਥ ਹਨ। ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਦੇਸ਼ ਨੂੰ ਹਜ਼ਾਰਾਂ ਖਾਧ ਪਦਾਰਥ ਵਿਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਹਨ। ਉਨਾਂ ਜ਼ੋਰ ਦੇ ਕੇ ਕਿਹਾ ਕਿ ਖੇਤੀ ਵਿੱਚ ਆਤਮ ਨਿਰਭਰਤਾ ਹੀ ਭਾਰਤ ਨੂੰ ਸਹੀ ਮਾਅਇਨੇ ਵਿੱਚ ‘ਆਤਮ ਨਿਰਭਰ’ ਬਣਾ ਸਕਦੀ ਹੈ।

‘ਆਪ’ ਆਗੂ ਨੇ ਕਿਹਾ ਕਿ ਭਾਰਤ ਹਰ ਸਾਲ ਯੂਕਰੇਨ ਤੋਂ 1,371 ਮਿਲੀਅਨ ਡਾਲਰ ਮੁੱਲ ਦਾ ਸੂਰਜਮੁਖੀ ਤੇਲ ਆਯਾਤ ਕਰਦਾ ਹੈ। ਜੇ ਪੰਜਾਬ ਦੇ ਕੇਵਲ ਦੋ ਜ਼ਿਲੇ ਸੂਰਜਮੁਖੀ ਦੀ ਖੇਤੀ ਸ਼ੁਰੂ ਕਰ ਦੇਣ ਤਾਂ ਦੇਸ਼ ਦੀ ਇਹ ਜ਼ਰੂਰਤ ਅਸਾਨੀ ਨਾਲ ਪੂਰੀ ਹੋ ਸਕਦੀ ਹੈ। ਚੀਮਾ ਨੇ ਕਿਹਾ ਕਿ ਤਿਲਹਨ ਫ਼ਸਲਾਂ ਦਾ ਉਚਿਤ ਮੰਡੀਕਰਨ ਨਾ ਹੋਣ ਅਤੇ ਕਈ ਫ਼ਸਲਾਂ ‘ਤੇ ਐਮ.ਐਸ.ਪੀ ਨਾ ਹੋਣ ਕਾਰਨ ਦੇਸ਼ ਦੇ ਕਿਸਾਨ ਫਸਲਾਂ ਵਿੱਚ ਬਦਲਾਅ ਨਹੀਂ ਕਰਦੇ। ਉਨਾਂ ਕਿਹਾ ਜੇ ਭਾਰਤ 1,371 ਮਿਲੀਅਨ ਡਾਲਰ ਦਾ ਸੂਰਜਮੁਖੀ ਤੇਲ ਆਯਾਤ ਕਰਨ ਦੀ ਥਾਂ ਇਹ ਪੈਸਾ ਤਿਲਹਨ ਫ਼ਸਲਾਂ ਨੂੰ ਪ੍ਰਫੁਲਤ ਕਰਨ ਲਈ ਕਿਸਾਨਾਂ ‘ਤੇ ਖਰਚ ਕਰੇ ਤਾਂ ਭਾਰਤ ਤਿਲਹਨ ਦਾ ਆਯਾਤ ਕਰਨ ਦੀ ਥਾਂ ਨਿਰਯਾਤ ਕਰਨ ਦੀ ਸਥਿਤੀ ‘ਚ ਆ ਜਾਵੇਗਾ। ਉਨਾਂ ਕਿਹਾ ਅੱਜ ਦੂਜੇ ਦੇਸ਼ਾਂ ‘ਤੇ ਨਿਰਭਰਤਾ ਕਾਂਗਰਸ ਅਤੇ ਭਾਜਪਾ ਸਰਕਾਰਾਂ ਦੀ ਨਾਕਾਮੀ ਦਾ ਸਬੂਤ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਖੇਤਰ ਵਿਚ ਭਾਰਤੀ ਦੀ ਨਿਰਯਾਤ- ਆਯਾਤ ਦੇ ਘਾਟੇ ਨੂੰ ਸਹੀ ਖੇਤੀ ਨੀਤੀਆਂ ਅਤੇ ਖੇਤੀ ਆਧਾਰਿਤ ਉਦਯੋਗਾਂ ਨਾਲ ਖਤਮ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਜੇ ਕਣਕ ਅਤੇ ਚੌਲ ਸਮੇਤ ਹੋਰ ਫਸਲਾਂ ਦਾ ਸਹੀ ਮੰਡੀਕਰਨ ਅਤੇ ਐਮ.ਐਸ.ਪੀ ਪੱਕੀ ਕੀਤੀ ਜਾਵੇ ਤਾਂ ਭਾਰਤ ਖੇਤੀ ਆਧਾਰਿਤ ਉਦਪਾਦਾਂ ਦਾ ਸਭ ਤੋਂ ਵੱਡਾ ਨਿਰਯਾਤਕ ਦੇਸ਼ ਬਣ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਕੋਲ ਭਾਰਤ ਦੀਆਂ ਖਾਣ ਵਾਲੇ ਤੇਲ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਲੋੜੀਂਦੀ ਸਮਰੱਥਾ ਹੈ। ਪਰ ਜ਼ਰੂਰੀ ਹੈ ਕਿ ਤਿਲਹਨ ਦੀ ਖੇਤੀ ਲਈ ਕਿਸਾਨਾਂ ਨੂੰ ਸਰਕਾਰ ਉਤਸ਼ਾਹਿਤ ਕਰੇ।

ਚੀਮਾ ਨੇ ਸਵਾਲ ਕਰਦਿਆਂ ਕਿਹਾ ਕਿ ਆਖਰ ਹਰੀ ਕਰਾਂਤੀ ਤੋਂ ਬਾਅਦ ਭਾਰਤ ਵਿੱਚ ਕੋਈ ਹੋਰ ਖੇਤੀ ਕਰਾਂਤੀ ਕਿਉਂ ਨਹੀਂ ਹੋਈ? ਜਿਹੜੀ ਖਾਧ ਪਦਾਰਥਾਂ ਦੇ ਮਾਮਲੇ ਵਿੱਚ ਭਾਰਤ ਨੂੰ ਨਿਰਭਰ ਬਣਾ ਸਕੇ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰ ਸਕੇ। ਉਨਾਂ ਕਿਹਾ ਕਿ ਖੇਤੀ ਅਤੇ ਕਿਸਾਨਾਂ ਨਾਲ ਸੰੰਬੰਧਿਤ ਨੀਤੀਆਂ ਤਿਆਰ ਕਰਨ ਵਿੱਚ ਕਾਂਗਰਸ ਤੇ ਭਾਜਪਾ ਸਰਕਾਰਾਂ ‘ਚ ਹਮੇਸ਼ਾਂ ਦੂਰਦ੍ਰਿਸ਼ਟੀ ਦੀ ਘਾਟ ਰਹੀ ਹੈ। ਇਹੀ ਕਾਰਨ ਹੈ ਕਿ ਖੇਤੀ ਪ੍ਰਧਾਨ ਦੇਸ਼ ਹੋਣ ਦੇ ਬਾਵਜੂਦ ਭਾਰਤ ਖਾਧ ਪਦਾਰਥਾਂ ਲਈ ਅੱਜ ਵੀ ਦੂਜੇ ਦੇਸ਼ਾਂ ‘ਤੇ ਨਿਰਭਰ ਹੈ। ਉਨਾਂ ਕਿਹਾ ਕਿ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਖੇਤੀ ਖੇਤਰ ਦਾ ਵਿਕਾਸ ਅਤੇ ਖਾਧ ਉਦਪਾਦਾਂ, ਖੇਤੀ ਆਧਾਰਤ ਉਦਯੋਗਾਂ ਲਈ ਦੂਰਦਰਸ਼ੀ ਅਤੇ ਠੋਸ ਨੀਤੀਆਂ ਬਣਾਉਣ ਦੀ ਜ਼ਰੂਰਤ ਹੈ। ਖੇਤੀ ਖੇਤਰ ‘ਚ ਆਤਮ ਨਿਰਭਰ ਬਣਨ ਨਾਲ ਦੇਸ਼ ਹੋਰ ਵੀ ਕਈ ਮਾਮਲਿਆਂ ਵਿਚ ਵਿਕਾਸ ਕਰ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਕੂਲੀ ਕਿਤਾਬਾਂ ’ਚ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਬਾਰੇ ਲਿਖਿਆ ਗਲਤ ਇਤਿਹਾਸ ਸਿੱਖ ਧਰਮ ਖਿਲਾਫ਼ ਵੱਡੀ ਸਾਜਿਸ਼: ਕੁਲਤਾਰ ਸੰਧਵਾਂ

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਸੀ.ਏ.ਪੀ.ਐਫ., ਪੀ.ਏ.ਪੀ. ਤੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਦਿਨ-ਰਾਤ ਨਿਗਰਾਨੀ : ਡਾ. ਰਾਜੂ