ਨਵੀਂ ਦਿੱਲੀ, 4 ਮਾਰਚ 2022 – ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 9ਵਾਂ ਦਿਨ ਹੈ। ਹੁਣ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸ਼ਕਤੀਸ਼ਾਲੀ ਰੂਸ ਲਗਾਤਾਰ ਯੂਕਰੇਨ ਨੂੰ ਤਬਾਹ ਕਰਨ ਵਿੱਚ ਲੱਗਾ ਹੋਇਆ ਹੈ। ਦੋਵਾਂ ਪਾਸਿਆਂ ਤੋਂ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਖ਼ਬਰ ਹੈ ਕਿ ਰੂਸ ਨੇ ਯੂਕਰੇਨ ਦੇ ਜ਼ਪੋਰਿਝੀਆ ਓਬਲਾਸਟ ਸੂਬੇ ਦੇ ਐਨਰਹੋਦਰ ਸ਼ਹਿਰ ਵਿੱਚ ਵੱਡਾ ਹਮਲਾ ਕੀਤਾ ਹੈ। ਯੂਕਰੇਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਹਮਲੇ ਤੋਂ ਬਾਅਦ ਜ਼ਪੋਰੀਝਜ਼ਿਆ ਵਿੱਚ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਸਟੇਸ਼ਨ ਤੋਂ ਧੂੰਏਂ ਦੇ ਗੁਬਾਰ ਉੱਠਦੇ ਦਿਖਾਈ ਦੇ ਰਹੇ ਹਨ।
ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਨੇ ਯੂਕਰੇਨ ਦੇ ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਵੱਡੀ ਖਬਰ ਦਿੱਤੀ ਹੈ ਕਿ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ (ਜ਼ਾਪੋਰੀਝਜ਼ਿਆ ਨਿਊਕਲੀਅਰ ਪਾਵਰ ਪਲਾਂਟ) ਤੋਂ ਧੂੰਆਂ ਉੱਠਦਾ ਦੇਖਿਆ ਜਾ ਰਿਹਾ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਰੂਸੀ ਸੈਨਿਕਾਂ ਨੂੰ ਅੱਗ ਲੱਗਣ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ‘ਤੇ ਹਮਲੇ ਬੰਦ ਕਰਨ ਲਈ ਕਿਹਾ।
ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਸ਼ੁੱਕਰਵਾਰ ਸਵੇਰੇ ਕਿਹਾ ਕਿ ਰੂਸ ਨੇ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਜ਼ਪੋਰਿਜ਼ੀਆ ‘ਤੇ ਚਾਰੇ ਪਾਸਿਓਂ ਗੋਲੀਬਾਰੀ ਕੀਤੀ। ਪਲਾਂਟ ਵਿੱਚ ਪਹਿਲਾਂ ਹੀ ਅੱਗ ਲੱਗ ਚੁੱਕੀ ਹੈ। ਜੇਕਰ ਇਹ ਧਮਾਕਾ ਹੁੰਦਾ ਹੈ, ਤਾਂ ਇਹ ਚਰਨੋਬਲ ਨਾਲੋਂ 10 ਗੁਣਾ ਵੱਡਾ ਹੋਵੇਗਾ। ਜਿੱਥੇ 6 ਨਿਊਕਲੀਅਰ ਰਿਐਕਟਰ ਹਨ। ਪਾਵਰ ਪਲਾਂਟ ਦੀ ਸਾਈਟ ਦੇ ਨੇੜੇ ਰੇਡੀਏਸ਼ਨ ਦੇ ਉੱਚ ਪੱਧਰ ਦਾ ਪਤਾ ਲਗਾਇਆ ਗਿਆ ਹੈ। ਪਲਾਂਟ ਯੂਕਰੇਨ ਦੇ ਬਿਜਲੀ ਉਤਪਾਦਨ ਦਾ ਲਗਭਗ 25% ਬਣਾਉਂਦਾ ਹੈ।