ਸੰਗਰੂਰ, 4 ਮਾਰਚ, 2022: ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦਾ ਕੋਟਾ ਖਤਮ ਕਰਨ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 7 ਮਾਰਚ ਨੂੰ ਡੀਸੀ ਦਫ਼ਤਰਾਂ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਤਿਆਰੀ ਸਬੰਧੀ ਅੱਜ ਸੰਗਰੂਰ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸੁਤੰਤਰ ਭਵਨ ਸੰਗਰੂਰ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਫੈਂਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਖਿਲਾਫ ਵੱਡੀ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਤਿਆਰੀ ਸਬੰਧੀ ਵੱਖ-ਵੱਖ ਡਿਊਟੀਆਂ ਲਾਈਆਂ ਗਈਆਂ।
ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਖੇਤੀ ਵਿਰੋਧੀ ਕਾਨੂੰਨ ਲਿਆ ਕੇ ਪੰਜਾਬ ਦੀ ਉਪਜਾਊ ਜ਼ਮੀਨ ਕਾਰਪੋਰੇਟਾਂ ਨੂੰ ਦੇਣ ਦਾ ਹੱਲਾ ਵਿੱਢਿਆ ਸੀ ਅਤੇ ਉਸ ਤੋਂ ਬਾਅਦ ਬੀਐਸਐੱਫ ਦਾ ਦਾਇਰਾ ਵਧਾ ਕੇ ਕੇਂਦਰੀ ਏਜੰਸੀਆਂ ਦੇ ਹੱਥ ਪੰਜਾਬ ਦੀ ਵਾਗਡੋਰ ਦੇਣ ਦੀ ਚਾਲ ਚੱਲੀ ਸੀ ਅਤੇ ਹੁਣ ਭਾਖੜਾ ਬਿਆਸ ਮੈਨੇਜਮੈਂਟ ਵਿਚੋਂ ਪੰਜਾਬ ਦਾ ਕੋਟਾ ਖਤਮ ਕਰਕੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਜਿਸ ਨੂੰ ਪੰਜਾਬ ਦੇ ਜੁਝਾਰੂ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਬੇਇਨਸਾਫ਼ੀ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਆਗੂਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ ਇਸ ਬਦਲਾ ਲਊ ਰਵੱਈਏ ਖ਼ਿਲਾਫ਼ ਸੰਘਰਸ਼ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਕੋਲੋਂ ਹੈੱਡਵਰਕਸਾਂ ਦਾ ਕੰਟਰੋਲ ਖੋਹ ਕੇ ਪੰਜਾਬ ਦੇ ਪਾਣੀਆਂ ਤੇ ਵੀ ਡਾਕਾ ਮਾਰਿਆ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਆਗੂ ਮੰਗਤ ਰਾਮ ਲੌਂਗੋਵਾਲ, ਹਰਮੇਲ ਸਿੰਘ ਮਹਿਰੋਕ, ਇੰਦਰਪਾਲ ਸਿੰਘ ਪੁੰਨਾਵਾਲ, ਨੱਛਤਰ ਸਿੰਘ, ਬੀਕੇਯੂ ਕਾਦੀਆਂ ਦੇ ਆਗੂ ਅਮਰੀਕ ਸਿੰਘ ਤੁੰਗਾਂ, ਦਰਸ਼ਨ ਸਿੰਘ ਬੁਗਰਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਬਟੜਿਆਣਾ, ਹਰਦੇਵ ਸਿੰਘ ਬਖਸ਼ੀਵਾਲਾ, ਬੀਕੇਯੂ ਰਾਜੇਵਾਲ ਦੇ ਆਗੂ ਰੋਹੀ ਸਿੰਘ ਮੰਗਵਾਲ, ਜਸਪਾਲ ਸਿੰਘ ਘਰਾਚੋਂ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵੀਰ ਸਿੰਘ ਜਲੂਰ, ਸਤਵੰਤ ਸਿੰਘ ਖੰਡੇਵਾਦ, ਜਮਹੂਰੀ ਕਿਸਾਨ ਸਭਾ ਦੇ ਆਗੂ ਊਧਮ ਸਿੰਘ ਸੰਤੋਖਪੁਰਾ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ।