ਨਵੀਂ ਦਿੱਲੀ, 6 ਮਾਰਚ 2022 – ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦਾ ਅੱਜ 11ਵਾਂ ਦਿਨ ਹੈ। ਸ਼ਨੀਵਾਰ ਨੂੰ ਰੂਸ ਨੇ ਆਮ ਲੋਕਾਂ ਨੂੰ ਕੱਢਣ ਲਈ ਯੂਕਰੇਨ ‘ਚ ਸੀਜ਼ ਫਾਇਰ ਦਾ ਐਲਾਨ ਕੀਤਾ ਪਰ ਕੁਝ ਘੰਟਿਆਂ ਬਾਅਦ ਹੀ ਇਸ ਨੂੰ ਖਤਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਯੂਕਰੇਨ ਝੁਕਿਆ ਨਹੀਂ ਤਾਂ ਉਸਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।
ਪੁਤਿਨ ਦੀ ਧਮਕੀ ਦੇ ਜਵਾਬ ‘ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਅਸੀਂ ਆਜ਼ਾਦੀ ਲਈ ਲੜਾਂਗੇ ਅਤੇ ਕਿਸੇ ਦੇ ਅੱਗੇ ਨਹੀਂ ਝੁਕਾਂਗੇ। ਇੱਥੇ ਦੱਸ ਦੇਈਏ ਕਿ ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਨੇ ਦਾਅਵਾ ਕੀਤਾ ਹੈ ਕਿ ਕੀਵ ਨੂੰ ਕਰੀਬ ਡੇਢ ਲੱਖ ਰੂਸੀ ਸੈਨਿਕ ਘੇਰੇ ਹੋਏ ਹਨ ਅਤੇ ਰੂਸ ਕਿਸੇ ਵੀ ਸਮੇਂ ਸ਼ਹਿਰ ‘ਤੇ ਹਮਲਾ ਕਰ ਸਕਦਾ ਹੈ।
ਕੀਵ ਇੰਡੀਪੈਂਡੈਂਟ ਦੇ ਅਨੁਸਾਰ, ਪਿਛਲੇ 10 ਦਿਨਾਂ ਵਿੱਚ ਇੱਕ ਮਿਲੀਅਨ ਤੋਂ ਵੱਧ ਯੂਕਰੇਨੀ ਨਾਗਰਿਕ ਫੌਜ ਵਿੱਚ ਸ਼ਾਮਲ ਹੋਏ ਹਨ। ਸਾਰਿਆਂ ਨੂੰ ਸ਼ੁਰੂਆਤੀ ਸਿਖਲਾਈ ਦੇਣ ਤੋਂ ਬਾਅਦ ਫਰੰਟ ‘ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਜ਼ੇਲੇਂਸਕੀ ਨੇ ਅਮਰੀਕਾ ਨੂੰ ਹੋਰ ਹਥਿਆਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।