ਨਵੀਂ ਦਿੱਲੀ, 6 ਮਾਰਚ 2022 – ਅੱਜ ਐਤਵਾਰ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦਾ 11ਵਾਂ ਦਿਨ ਹੈ। ਰੂਸੀ ਸੈਨਿਕ ਯੂਕਰੇਨ ਦੇ ਹਰ ਸ਼ਹਿਰ ‘ਚ ਤਬਾਹੀ ਮਚਾ ਰਹੇ ਹਨ। ਹਰ ਪਾਸੇ ਧਮਾਕੇ ਹੋ ਰਹੇ ਹਨ, ਕੀਵ, ਖਾਰਕਿਵ ਵਰਗੇ ਵੱਡੇ ਸ਼ਹਿਰ ਧਮਾਕਿਆਂ ਦੀ ਆਵਾਜ਼ ਨਾਲ ਗੂੰਜ ਰਹੇ ਹਨ। ਯੁੱਧ ਦੇ ਤਣਾਅਪੂਰਨ ਹਾਲਾਤ ਦਰਮਿਆਨ ਡਰੇ ਲੋਕ ਯੂਕਰੇਨ ਛੱਡ ਰਹੇ ਹਨ। ਕਈ ਭਾਰਤੀ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੇ ਆਪਰੇਸ਼ਨ ਗੰਗਾ ਚਲਾਇਆ ਹੈ।
ਇਸੇ ਕੜੀ ਵਿੱਚ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਇੱਕ ਭਾਰਤੀ ਨੌਜਵਾਨ ਵੀ ਫਸਿਆ ਹੋਇਆ ਹੈ। ਇਸ ਨੌਜਵਾਨ ਨਾਲ ਇਕ ਅਜੀਬ ਇਤਫ਼ਾਕ ਜੁੜਿਆ ਹੈ। ਸਾਲ 2020 ‘ਚ ਜਦੋਂ ਲਾਕਡਾਊਨ ਲਾਗੂ ਹੋਇਆ ਸੀ, ਉਦੋਂ ਨਿਜ਼ਾਮੂਦੀਨ ਅਮਾਨ ਨਾਂਅ ਦਾ ਇਹ ਨੌਜਵਾਨ ਆਂਧਰਾ-ਪ੍ਰਦੇਸ਼ ਤਾਮਿਲਨਾਡੂ ਦੀ ਸਰਹੱਦ ‘ਤੇ ਫਸ ਗਿਆ ਸੀ। ਉਦੋਂ ਨਿਜ਼ਾਮੂਦੀਨ ਦੀ ਮਾਂ ਰਜ਼ੀਆ ਆਪਣੇ ਬੇਟੇ ਨੂੰ ਲਿਆਉਣ ਲਈ 1400 ਕਿਲੋਮੀਟਰ ਸਕੂਟੀ ਚਲਾ ਕੇ ਉਥੇ ਪਹੁੰਚੀ ਸੀ ਅਤੇ ਆਪਣੇ ਬੇਟੇ ਨੂੰ ਉਥੋਂ ਲੈ ਆਈ ਸੀ। ਤੇਲੰਗਾਨਾ ਦੇ ਨਿਜ਼ਾਮਾਬਾਦ ਦੀ ਰਹਿਣ ਵਾਲੀ ਰਜ਼ੀਆ ਆਪਣੇ ਬੇਟੇ ਨੂੰ ਲਿਆਉਣ ਲਈ ਆਂਧਰਾ ਪ੍ਰਦੇਸ਼ ਦੇ ਨੇਲੋਰ ਤੱਕ ਸਕੂਟੀ ‘ਤੇ ਗਈ ਸੀ। ਹੁਣ ਰਜ਼ੀਆ ਦਾ ਬੇਟਾ ਯੂਕਰੇਨ ਵਿੱਚ ਫਸਿਆ ਹੋਇਆ ਹੈ।
ਨਿਜ਼ਾਮੂਦੀਨ ਸੁਮੀ ਸਟੇਟ ਯੂਨੀਵਰਸਿਟੀ, ਯੂਕਰੇਨ ਵਿੱਚ MBBS ਦੀ ਪੜ੍ਹਾਈ ਕਰ ਰਿਹਾ ਹੈ। ਸੂਮੀ ਰੂਸੀ ਸਰਹੱਦ ਦੇ ਨੇੜੇ ਸਥਿਤ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਰਜ਼ੀਆ ਆਪਣੇ ਬੇਟੇ ਦੀ ਤੰਦਰੁਸਤੀ ਲਈ ਦਿਨ-ਰਾਤ ਦੁਆ ਕਰ ਰਹੀ ਹੈ। ਰਜ਼ੀਆ ਨੇ ਦੱਸਿਆ ਕਿ ਨਿਜ਼ਾਮੂਦੀਨ ਬੰਕਰ ‘ਚ ਬੰਦ ਹੈ ਅਤੇ ਉਹ ਉਸ ਨਾਲ ਫ਼ੋਨ ‘ਤੇ ਗੱਲ ਕਰਦਾ ਹੈ। ਜਾਣਕਾਰੀ ਅਨੁਸਾਰ ਰਜ਼ੀਆ ਬੇਗਮ ਦੇ ਲੜਕੇ ਦੀ ਜਿਸ ਜਗ੍ਹਾ ‘ਤੇ ਹੈ, ਉੱਥੇ ਕੋਈ ਟਰਾਂਸਪੋਰਟ ਸੰਪਰਕ ਨਹੀਂ ਹੈ। ਰਜ਼ੀਆ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਕੇਸੀਆਰ ਤੋਂ ਆਪਣੇ ਪੁੱਤਰ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਮਦਦ ਦੀ ਅਪੀਲ ਕੀਤੀ ਹੈ।