ਅੰਮ੍ਰਿਤਸਰ, 6 ਮਾਰਚ 2022 – ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀ ਹੁਣ ਹੌਲੀ-ਹੌਲੀ ਘਰ ਪਰਤਣ ਲੱਗੇ ਹਨ। 1 ਫਰਵਰੀ ਤੋਂ ਸ਼ੁਰੂ ਕੀਤੇ ਬਚਾਅ ਅਭਿਆਨ ਤਹਿਤ ਹੁਣ ਤੱਕ ਅੰਮ੍ਰਿਤਸਰ ਦੇ 23 ਵਿਦਿਆਰਥੀ ਘਰ ਪਹੁੰਚ ਚੁੱਕੇ ਹਨ। ਸੂਚੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ 81 ਵਿਦਿਆਰਥੀ ਯੂਕਰੇਨ ਗਏ ਹਨ। ਸ਼ਨੀਵਾਰ ਨੂੰ 11 ਵਿਦਿਆਰਥੀ ਆਪਣੇ ਘਰਾਂ ਨੂੰ ਪਰਤੇ ਹਨ। ਹੁਣ ਅੰਮ੍ਰਿਤਸਰ ਦੇ 58 ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ।
ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ਼ਨੀਵਾਰ ਨੂੰ 11 ਵਿਦਿਆਰਥੀ ਵਾਪਸ ਪਰਤੇ। ਜਿਨ੍ਹਾਂ ‘ਚੋਂ 2 ਲੜਕੀਆਂ ਦਿੱਲੀ ਤੋਂ ਟੈਕਸੀ ਰਾਹੀਂ ਘਰ ਪਹੁੰਚੀਆਂ, ਜਦਕਿ ਬਾਕੀ ਵਿਦਿਆਰਥਣਾਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣਾਂ ਰਾਹੀਂ ਆਈਆਂ | ਘਰ ਪਹੁੰਚਣ ਵਾਲੇ ਹਰ ਵਿਦਿਆਰਥੀ ਦਾ ਤਜਰਬਾ ਵੱਖਰਾ ਸੀ, ਪਰ ਹਰ ਕੋਈ ਖੁਸ਼ ਸੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਘਰ ਪਹੁੰਚ ਗਿਆ ਹੈ।
ਰਵਨੀਤ ਕੌਰ, ਰਮਣੀਕ ਕੌਰ, ਗਜਲਦੀਪ ਕੌਰ, ਕਾਇਨਾਤ ਮਹਾਜਨ, ਖੁਸ਼ੀ, ਅਨਮੋਲ ਜੀਤ, ਮਾਨਿਕ, ਅਦਿਤੀ, ਕਮਲਜੀਤ ਕੌਰ ਅਤੇ ਤਿੰਨ ਹੋਰ ਵਿਦਿਆਰਥੀ ਸ਼ਨੀਵਾਰ ਨੂੰ ਆਪਣੀਆਂ ਅੱਖਾਂ ਵਿੱਚ ਹੰਝੂਆਂ ਨਾਲ ਯੂਕਰੇਨ ਤੋਂ ਘਰ ਪਹੁੰਚੇ ਅਤੇ ਉੱਥੋਂ ਦੇ ਹਾਲਾਤ ਬਾਰੇ ਦੱਸਿਆ।