ਮੁੰਬਈ, 6 ਮਾਰਚ 2022 – ਇੰਡੀਅਨ ਪ੍ਰੀਮੀਅਰ ਲੀਗ 2022 ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ 26 ਮਾਰਚ ਨੂੰ ਪਹਿਲੇ ਮੈਚ ਵਿੱਚ ਭਿੜਨਗੀਆਂ। ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ ਜੋ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।
ਆਈਪੀਐਲ 2022 ਲੀਗ ਦਾ ਆਖਰੀ ਮੈਚ 22 ਮਈ ਨੂੰ ਸ਼ਾਮ 7.30 ਵਜੇ ਵਾਨਖੇੜੇ ਸਟੇਡੀਅਮ ਵਿੱਚ ਹੋਵੇਗਾ। ਜਿਸ ਵਿੱਚ ਸਨਰਾਈਜ਼ਰਸ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਇਸ ਵਾਰ ਆਈਪੀਐਲ 2022 26 ਮਾਰਚ ਤੋਂ ਸ਼ੁਰੂ ਹੋਵੇਗਾ, ਜਦਕਿ ਫਾਈਨਲ 29 ਮਈ ਨੂੰ ਖੇਡਿਆ ਜਾਣਾ ਹੈ। ਇਸ ਵਾਰ ਹੋਣ ਵਾਲੇ ਲੀਗ ਦੇ ਸਾਰੇ 70 ਮੈਚ ਮੁੰਬਈ ਅਤੇ ਪੁਣੇ ‘ਚ ਖੇਡੇ ਜਾਣਗੇ। ਕੁੱਲ 55 ਮੈਚ ਮੁੰਬਈ ‘ਚ ਖੇਡੇ ਜਾਣੇ ਹਨ, ਜਦਕਿ 15 ਮੈਚ ਪੁਣੇ ‘ਚ ਖੇਡੇ ਜਾਣਗੇ। ਇਸ ਵਾਰ 20 ਮੈਚ ਮੁੰਬਈ ਦੇ ਵਾਨਖੇੜੇ ਵਿੱਚ, 15 ਸੀਸੀਆਈ ਵਿੱਚ, 20 ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਜਾਣਗੇ। ਜਦੋਂ ਕਿ ਪੁਣੇ ਤੋਂ 15 ਮੈਚ ਐਮਸੀਏ ਸਟੇਡੀਅਮ ਵਿੱਚ ਹੋਣਗੇ।
ਇਸ ਵਾਰ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਹੈ। ਐੱਮਐੱਸ ਧੋਨੀ ਦੀ ਅਗਵਾਈ ‘ਚ ਚੇਨਈ ਸੁਪਰ ਕਿੰਗਜ਼ ਨੇ ਪਿਛਲੇ ਸਾਲ 2021 ਦਾ ਖਿਤਾਬ ਜਿੱਤਿਆ ਸੀ।