ਚੰਡੀਗੜ੍ਹ, 11 ਮਾਰਚ 2022 – ਪੰਜਾਬ ਵਿੱਚ ਵੀਰਵਾਰ ਨੂੰ ਇਤਿਹਾਸ ਲਿਖਿਆ ਗਿਆ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇੱਕੋ ਸਮੇਂ ਕਈ ਰਿਕਾਰਡ ਬਣਾਏ। ਪੰਜਾਬ ਦੀਆਂ 117 ਵਿੱਚੋਂ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਕਿਸੇ ਹੋਰ ਪਾਰਟੀ ਨੂੰ ਪੂਰਨ ਵਿਰੋਧੀ ਧਿਰ ਬਣਨ ਦਾ ਮੌਕਾ ਨਹੀਂ ਦਿੱਤਾ। ਇਹ 56 ਸਾਲਾਂ ‘ਚ ਕਿਸੇ ਇਕ ਪਾਰਟੀ ਦੀ ਸਭ ਤੋਂ ਵੱਡੀ ਜਿੱਤ ਹੈ, ਜਦਕਿ ‘ਆਪ’ ਨੇ ਆਜ਼ਾਦੀ ਤੋਂ ਬਾਅਦ ਸੂਬੇ ‘ਚ ਤੀਜੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ।
ਪੰਜਾਬ ਵਿੱਚ ਸਿਆਸੀ ਫੇਰਬਦਲ ਦੀਆਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਸਨ ਪਰ ਅੱਜ ਦੇ ਨਤੀਜਿਆਂ ਨੇ ਤਬਦੀਲੀ ਦੀ ਨਵੀਂ ਪਰਿਭਾਸ਼ਾ ਤੈਅ ਕਰ ਦਿੱਤੀ ਹੈ। ਇੱਥੇ ‘ਆਪ’ ਨੇ ਨਾ ਸਿਰਫ਼ ਬਹੁਮਤ ਦੇ ਅੰਕੜੇ ਨੂੰ ਪਿੱਛੇ ਛੱਡ ਦਿੱਤਾ, ਸਗੋਂ ਜਿੱਤਾਂ ਦਾ ਅਜਿਹਾ ਪਹਾੜ ਖੜ੍ਹਾ ਕਰ ਦਿੱਤਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਮੇਤ ਉਸ ਦੀਆਂ ਸਹਿਯੋਗੀ ਪਾਰਟੀਆਂ ਵੀ ‘ਆਪ’ ਦੇ ਸਿਰਫ਼ ਇੱਕ ਚੌਥਾਈ ਹਿੱਸੇ ਤੱਕ ਹੀ ਪਹੁੰਚ ਸਕੀ।
1966 ਵਿੱਚ ਹਰਿਆਣਾ ਦੇ ਵੱਖ ਹੋਣ ਤੋਂ ਬਾਅਦ ਪਿਛਲੇ 56 ਸਾਲਾਂ ਵਿੱਚ ਪੰਜਾਬ ਵਿੱਚ ਕਿਸੇ ਇੱਕ ਸਿਆਸੀ ਪਾਰਟੀ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ 1992 ਦੇ ਖਾੜਕੂਵਾਦ ਦੌਰਾਨ ਕਾਂਗਰਸ ਨੇ ਆਪਣੇ ਦਮ ’ਤੇ 87 ਸੀਟਾਂ ਜਿੱਤੀਆਂ ਸਨ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਚੋਣਾਂ ਦਾ ਬਾਈਕਾਟ ਕੀਤਾ ਸੀ।
ਇਸ ਤੋਂ ਬਾਅਦ 1997 ਦੀਆਂ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਨੇ ਮਿਲ ਕੇ 93 ਸੀਟਾਂ ਜਿੱਤੀਆਂ ਸਨ। ਉਸ ਸਮੇਂ ਅਕਾਲੀ ਦਲ ਨੇ 75 ਅਤੇ ਭਾਜਪਾ ਨੇ 18 ਸੀਟਾਂ ਜਿੱਤੀਆਂ ਸਨ।
1947 ‘ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ‘ਚ ਕਿਸੇ ਇਕ ਪਾਰਟੀ ਦੀ ਇਹ ਤੀਜੀ ਸਭ ਤੋਂ ਵੱਡੀ ਜਿੱਤ ਹੈ। ਪੰਜਾਬ ਵਿੱਚ 1952 ਵਿੱਚ ਹੋਈਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 96 ਸੀਟਾਂ ਜਿੱਤੀਆਂ ਸਨ। ਉਸ ਸਮੇਂ ਪੰਜਾਬ ਵਿੱਚ ਕੁੱਲ 126 ਵਿਧਾਨ ਸਭਾ ਸੀਟਾਂ ਸਨ।
1957 ਵਿਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰ ਦਿੱਤਾ। ਇਸ ਤੋਂ ਬਾਅਦ ਚੋਣਾਂ ‘ਚ ਕਾਂਗਰਸ ਹੀ ਇਕਲੌਤੀ ਵੱਡੀ ਪਾਰਟੀ ਰਹਿ ਗਈ ਅਤੇ ਇਸ ਨੇ ਸੂਬੇ ਦੀਆਂ 154 ਵਿਧਾਨ ਸਭਾ ਸੀਟਾਂ ‘ਚੋਂ 120 ਸੀਟਾਂ ‘ਤੇ ਜਿੱਤ ਹਾਸਲ ਕੀਤੀ। 5 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ 1962 ਦੀਆਂ ਚੋਣਾਂ ਵਿੱਚ ਸ਼ਾਮਲ ਹੋਇਆ, ਪਰ ਫਿਰ ਵੀ ਕਾਂਗਰਸ ਸੂਬੇ ਦੀਆਂ 154 ਸੀਟਾਂ ਵਿੱਚੋਂ 90 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ।