ਫਿਰੋਜ਼ਪੁਰ, 11 ਮਾਰਚ 2022 – ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਬਾਅਦ ਹੀ ਪੰਜਾਬ ਵਿੱਚ ਹਥਿਆਰਾਂ ਦੀ ਵੱਡੀ ਖੇਪ ਮਿਲੀ ਹੈ। ਸੀਮਾ ਸੁਰੱਖਿਆ ਬਲ (BSF) ਅਤੇ ਸਟੇਟ ਸਪੈਸ਼ਲ ਟਾਸਕ ਫੋਰਸ (STF) ਨੇ ਫ਼ਿਰੋਜ਼ਪੁਰ ਸੈਕਟਰ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਬੀਓਪੀ ਸਮਾਉਂ ਸੈਕਟਰ ਫ਼ਿਰੋਜ਼ਪੁਰ ਵਿੱਚ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਨੇੜੇ ਹਥਿਆਰ ਮਿਲੇ ਹਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਕੀਤੀ ਜਾਣੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਅਤੇ ਐਸਟੀਐਫ ਵੱਲੋਂ ਅਲਸੂਬਾਹ ਇਲਾਕੇ ਵਿੱਚ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਇਹ ਕਾਰਵਾਈ ਐਸਟੀਐਫ ਨੂੰ ਮਿਲੀ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ‘ਤੇ ਘੁਸਪੈਠ ਨੂੰ ਰੋਕਣ ਲਈ ਲਗਾਈ ਗਈ ਕੰਡਿਆਲੀ ਤਾਰ ਦੇ ਨੇੜੇ ਹਥਿਆਰਾਂ ਦੀ ਖੇਪ ਮਿਲੀ। ਬੀਐਸਐਫ ਅਤੇ ਐਸਟੀਐਫ ਨੇ ਖੇਪ ਨੂੰ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਫਿਲਹਾਲ ਮਾਮਲੇ ਦੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।
ਇਹ ਖੇਪ ਗਿਣਤੀ ਦੇ ਲਿਹਾਜ਼ ਨਾਲ ਵੀ ਘੱਟ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਥਿਆਰ ਅੱਤਵਾਦੀ ਘਟਨਾਵਾਂ ‘ਚ ਵਰਤੇ ਜਾਣੇ ਸਨ। ਇਸ ਖੇਪ ਵਿੱਚ 5 ਏ.ਕੇ.-47, 10 ਮੈਗਜ਼ੀਨ, 5 ਅਮਰੀਕੀ ਬਣੀਆਂ ਕੋਲਟ-8 ਰਾਈਫਲਾਂ, 6 ਮੈਗਜ਼ੀਨ, 5 ਪਿਸਤੌਲ, 10 ਮੈਗਜ਼ੀਨ ਅਤੇ ਵੱਡੀ ਗਿਣਤੀ ਵਿੱਚ ਕਾਰਤੂਸ ਸ਼ਾਮਲ ਹਨ।