ਚੰਡੀਗੜ੍ਹ,12 ਮਾਰਚ 2022 – ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੈਰਾਂ ਵਿਚ ਝੁੱਕ ਕੇ ਪੰਜਾਬ ਤੇ ਪੰਜਾਬੀਆਂ ਨੁੰ ਸ਼ਰਮਸਾਰ ਕੀਤਾ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਬਹੁਤ ਵੱਡਾ ਫਤਵਾ ਦਿੱਤਾ ਤੇ ਆਪਣੇ ਸਿਰ ਦਾ ਤਾਜ ਦਿੱਤਾ।
ਉਹਨਾਂ ਕਿਹਾ ਕਿ ਜੋ ਭਗਵੰਤ ਮਾਨ ਸ਼ਹੀਦੇ ਏ ਆਜ਼ਮ ਭਗਤ ਸਿੰਘ ਦੀ ਪੱਗ ਬੰਨਦੇ ਸਨ, ਭਗਵੰਤ ਸਿੰਘ ਨੁੰ ਆਪਣਾ ਆਦਰਸ਼ ਦੱਸਦੇ ਸਨ ਤੇ ਕਹਿੰਦੇ ਸਨ ਕਿ ਮੈਂ ਖਟਕੱੜ ਕਲਾਂ ਵਿਖੇ ਸਹੁੰ ਚੁੱਕਾਂਗਾ, ਉਹਨਾਂ ਨੇ ਅੱਜ ਆਪਣੀ ਦਸਤਾਰ ਨੁੰ ਅਰਵਿੰਦ ਕੇਜਰਵਾਲ ਦੇ ਪੈਰਾਂ ਵਿਚ ਪਾਇਆ। ਉਹਨਾਂ ਕਿਹਾ ਕਿ ਇਹੀ ਕੰਮ ਨਵਜੋਤ ਸਿੱਧੂ ਨੇ ਕੀਤਾ ਸੀ ਜਦੋਂ ਸੋਨੀਆ ਗਾਂਧੀ ਦੇ ਪੈਰਾਂ ਵਿਚ ਪੱਗ ਰੱਖੀ ਸੀ ਪਰ ਲੋਕਾਂ ਨੇ ਹੁਣ ਤੱਕ ਉਹਨਾਂ ਨੁੰ ਮੁਆਫ ਨਹੀਂ ਕੀਤਾ।
ਉਹਨਾਂ ਕਿਹਾ ਕਿ ਭਗਵੰਤ ਮਾਨ ਪੰਜਾਬੀ ਤੇ ਪੰਜਾਬੀਆਂ ਨੁੰ ਇਹ ਸੰਦੇਸ਼ ਦੇ ਰਹੇ ਹਨ ਕਿ ਪੰਜਾਬੀਅਤ ਤੇ ਸਿੱਖੀ ਕੇਜਰੀਵਾਲ ਦੇ ਪੈਰਾਂ ਵਿਚ ਪੈ ਗਈ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਇਸ ਤਰੀਕੇ ਪੈਰਾਂ ਵਿਚ ਝੁਕਾ ਰਹੇ ਸਨ ਜਿਵੇਂ ਇੰਤਜ਼ਾਰ ਕਰ ਰਹੇ ਸਨ ਕਿ ਵੀਡੀਓ ਦੀ ਟਰੇਨਿੰਗ ਦਿੱਤੀ ਸੀ ਕਿ ਭਗਵੰਤ ਮਾਨ ਪੈਰਾਂ ਵਿਚ ਡਿੱਗਣਗੇ ਅਤੇ ਉਹ ਸੰਦੇਸ਼ ਦੇਣਗੇ ਕਿ ਇਹ ਵੇਖੋ ਪੰਜਾਬ ਮੇਰੇ ਪੈਰਾਂ ‘ਤੇ ਪਿਆ ਹੈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੁੰ ਅਜਿਹਾ ਕੋਈ ਭੁਲੇਖਾ ਨਹੀਂ ਪਾਲਣਾ ਚਾਹੀਦਾ। ਭਗਵੰਤ ਮਾਨ ਤਾਂ ਉਹਨਾਂ ਦੇ ਪੈਰਾਂ ਵਿਚ ਪੈ ਸਕਦਾ ਹੈ ਪਰ ਪੰਜਾਬ ਨਾ ਕਦੇ ਡਿੱਗਿਆ ਹੈ ਤੇ ਨਾ ਕਦੇ ਪੰਜਾਬੀਅਤ ਡਿੱਗੀ ਹੈ। ਸਾਡਾ ਸਿਰ ਹਮੇਸ਼ਾ ਉੱਚਾ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬੀ ਜਿੰਨੀ ਜਲਦੀ ਦਿਲ ਵਿਚ ਬਿਠਾਉਂਦੇ ਹਨ, ਉਨੀ ਛੇਤੀ ਚੁੱਕ ਕੇ ਬਾਹਰ ਵੀ ਸੁੱਟ ਦਿੰਦੇ ਹਨ। ਉਹਨਾਂ ਕਿਹਾ ਕਿ ਪੰਜਾਬੀ ਜਲਦੀ ਹੀ ਇਸਦਾ ਜਵਾਬ ਵੀ ਸ੍ਰੀ ਕੇਜਰੀਵਾਲ ਤੇ ਸ੍ਰੀ ਭਗਵੰਤ ਮਾਨ ਨੁੰ ਦੇਣਗੇ।