ਸ੍ਰੀ ਅਨੰਦਪੁਰ ਸਾਹਿਬ 13 ਮਾਰਚ 2022 – ਸੋਨਾਲੀ ਗਿਰਿ ਆਈ.ਏ.ਐਸ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ੍ਹਾ ਰੂਪਨਗਰ ਦੀ ਹਦੂਦ ਵਿਚ 14 ਤੋ 19 ਮਾਰਚ ਤੱਕ ਹੋਲਾ ਮੁਹੱਲਾ ਦੇ ਤਿਉਹਾਰ ਮੌਕੇ ਸਤਲੁਜ ਦਰਿਆ ਅਤੇ ਨਹਿਰਾਂ ਵਿਚ ਆਮ ਲੋਕਾਂ ਦੇ ਨਹਾਉਣ ਤੇ ਪੂਰਨ ਰੂਪ ਵਿਚ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਇਸ ਦੇ ਨਾਲ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੁਲਿਸ ਚੋਂਕੀ (ਨਵੀਂ ਅਬਾਦੀ) ਅੱਗੋਂ ਲੰਘਦੀ ਹੋਈ ਸੜਕ ਜੋ ਕਿ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਜਾਂਦੀ ਹੈ ਦੇ ਆਲੇ ਦੁਆਲੇ ਭੰਗ ਦੇ ਪਕੌੜੇ ਦੀਆ ਰੇਹੜੀਆਂ ਲਗਾਉਣ ਅਤੇ ਇਸ ਸੜਕ ਉਤੇ ਮੋਟਰਸਾਈਕਲ ਚਲਾਉਣ ਤੇ ਪੂਰਨ ਪਾਬੰਦੀ ਲਗਾਈ ਹੈ।
ਹੋਲੇ ਮੁਹੱਲੇ ਦਾ ਇਤਿਹਾਸਕ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 14 ਮਾਰਚ ਤੋ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਲੱਖਾਂ ਦੀ ਤਾਦਾਦ ਵਿਚ ਦੇਸ਼ ਵਿਦੇਸ਼ ਤੋ ਸੰਗਤਾਂ ਮੱਥਾ ਟੇਕਣ ਆਉਦੀਆਂ ਹਨ।ਪ੍ਰਸਾਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਇਸ ਮੇਲੇ ਦੌਰਾਨ ਬਹੁਤ ਜਿਆਦਾ ਲੋਕ ਸਤਲੁਜ ਦਰਿਆ ਅਤੇ ਨਹਿਰਾਂ ਵਿਚ ਨਹਾਉਣਾ ਸੁਰੂ ਕਰ ਦਿੰਦੇ ਹਨ। ਜਿਸ ਕਾਰਨ ਮੰਦਭਾਗੀ ਘਟਨਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਸਤਲੁਜ ਦਰਿਆ ਅਤੇ ਨਹਿਰਾਂ ਵਿਚ ਨਹਾਉਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਇਸ ਦੇ ਨਾਲ ਹੀ ਜੋ ਸੜਕ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋ ਪੁਲਿਸ ਚੋਂਕੀ (ਨਵੀ ਅਬਾਦੀ) ਅੱਗੋਂ ਲੰਘਦੀ ਹੋਈ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਜਾਂਦੀ ਹੈ ਹੋਲੇ ਮੁਹੱਲੇ ਦੌਰਾਨ ਇਸ ਸੜਕ ਉਤੇ ਲੋਕਾਂ ਵਲੋ ਬਗੈਰ ਸਲੈਂਸਰ ਮੋਟਰਸਾਈਕਲ ਚਲਾਏ ਜਾਂਦੇ ਹਨ। ਜਿਸਦੀ ਪਟਾਕੇ ਵਰਗੀ ਅਵਾਜ਼ ਨਾਲ ਬਾਹਰੋ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾਂ ਕਰਨਾ ਪੈਂਦਾ ਹੈ ਕਈ ਵਾਰ ਦੁਰਘਟਨਾ ਹੋਣ ਦਾ ਵਧੇਰੇ ਖਤਰਾ ਹੋ ਜਾਂਦਾ ਹੈ। ਇਸ ਨਾਲ ਗੰਭੀਰ ਮਰੀਜ਼ਾ ਤੇ ਵੀ ਬਹੁਤ ਜਿਆਦਾ ਪ੍ਰਭਾਵ ਪੈਦਾ ਹੈ।
ਇਸ ਦੇ ਨਾਲ ਨਾਲ ਸੜਕ ਦੇ ਆਲੇ ਦੁਆਲੇ ਭੰਗ ਦੇ ਪਕੌੜਿਆਂ ਵਾਲੀਆਂ ਰੇਹੜੀਆਂ ਵੀ ਬਹੁਤ ਜਿਆਦਾ ਗਿਣਤੀ ਵਿਚ ਲੱਗ ਜਾਂਦੀਆਂ ਹਨ ਜੋ ਕਿ ਸੰਗਤਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਜਿਲ੍ਹਾ ਮੈਜਿਸਟ੍ਰੇਟ ਵਲੋ ਹੋਲੇ ਮੁਹੱਲਾ ਮੌਕੇ ਆਉਣ ਵਾਲੀਆਂ ਸੰਗਤਾਂ ਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ 14 ਤੋ 19 ਮਾਰਚ ਤੱਕ ਇਹ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।