ਲੁਧਿਆਣਾ, 15 ਮਾਰਚ 2022 – ਪੰਜਾਬ ਵਿਚ ਕਾਂਗਰਸ ਦੀ ਹਾਰ ਨੂੰ ਲੈ ਕੇ ਮੰਥਨ ਦੇ ਨਾਟਕ ‘ਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਪਵਨ ਦੀਵਾਨ ਨੇ ਸਖ਼ਤ ਟਿੱਪਣੀ ਕੀਤੀ ਹੈ। ਖਾਸ ਕਰਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੀਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਸਵਾਲ ਕੀਤਾ ਹੈ ਕਿ ਜਦੋਂ ਦੋਸ਼ੀ ਹੀ ਜੱਜ ਹਨ, ਤਾਂ ਇਨਸਾਫ਼ ਕੌਣ ਕਰੇਗਾ ?
ਇੱਥੇ ਜਾਰੀ ਬਿਆਨ ਵਿੱਚ, ਦੀਵਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਹਾਰ ਲਈ ਹਰੀਸ਼ ਚੌਧਰੀ ਸਭ ਤੋਂ ਵੱਧ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੂਬਾ ਇੰਚਾਰਜ ਹੋਣ ਦੇ ਨਾਤੇ ਇਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਕਿ ਉਹ ਸਹੀ ਲੋਕਾਂ ਨੂੰ ਟਿਕਟਾਂ ਦੇਣ, ਪਾਰਟੀ ਵਿੱਚ ਤਾਲਮੇਲ ਬਿਠਾਉਣਾ ਅਤੇ ਲੋਕਾਂ ਤੱਕ ਪਹੁੰਚ ਯਕੀਨੀ ਕਰਨ। ਪਰ ਨਾ ਹੀ ਸਹੀ ਢੰਗ ਨਾਲ ਟਿਕਟਾਂ ਦੀ ਵੰਡ ਹੋ ਸਕੀ, ਜਿਸ ਕਾਰਨ ਸਰਕਾਰ ਵੱਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਪਹਿਲਾਂ ਹੀ ਨਾਰਾਜ਼ ਵਰਕਰਾਂ ਦੀ ਨਿਰਾਸ਼ਾ ਵਧ ਗਈ। ਪਾਰਟੀ ਚ ਤਾਲਮੇਲ ਬਿਠਾਉਣ ਦੀ ਗੱਲ ਤਾਂ ਕੀ, ਹਰ ਕੋਈ ਕੰਟਰੋਲ ਤੋਂ ਬਾਹਰ ਜਾ ਕੇ ਬਿਆਨਬਾਜ਼ੀ ਕਰ ਰਿਹਾ ਸੀ। ਜਿਸ ਕਾਰਨ ਲੋਕਾਂ ਤੱਕ ਸਹੀ ਸੰਦੇਸ਼ ਨਹੀਂ ਪਹੁੰਚਿਆ ਅਤੇ ਨਤੀਜਾ ਸਭ ਦੇ ਸਾਹਮਣੇ ਹੈ।
ਦੀਵਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਦੋਸ਼ੀ ਹੀ ਜੱਜ ਹਨ ਤਾਂ ਇਨਸਾਫ਼ ਕੌਣ ਕਰੇਗਾ? ਜਿਨ੍ਹਾਂ ਦੀਆਂ ਨੀਤੀਆਂ ਕਾਰਨ ਇਹ ਹਾਲਾਤ ਪੈਦਾ ਹੋਏ, ਉਹ ਹੁਣ ਹੀ ਮੰਥਨ ਕਰਨ ਬੈਠ ਗਏ ਹਨ। ਜਦੋਂ ਕਿ ਸੀਨੀਅਰ ਲੀਡਰਸ਼ਿਪ ਨੂੰ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ ਅਤੇ ਹਰੀਸ਼ ਚੌਧਰੀ ਦਾ ਅਸਤੀਫਾ ਲੈਣਾ ਚਾਹੀਦਾ ਹੈ।
ਹਾਲਾਂਕਿ ਕੋਈ ਜ਼ਮੀਰ ਵਾਲਾ ਬੰਦਾ ਹੁੰਦਾ, ਤਾਂ ਹੁਣ ਤੱਕ ਅਸਤੀਫ਼ਾ ਦੇ ਚੁੱਕਾ ਹੁੰਦਾ। 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਚੱਲ ਰਹੇ ਮੰਥਨ ਨਾਲ ਕੁਝ ਨਹੀਂ ਹੋਣ ਵਾਲਾ। ਜੇਕਰ ਹੁਣ ਵੀ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿੱਚ ਪਾਰਟੀ ਦੀ ਪੁਨਰ-ਸਥਾਪਨਾ ਲਈ ਮੁਹਿੰਮ ਨਾ ਚਲਾਈ, ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀ ਹਾਲਤ ਉਹੀ ਹੋਵੇਗੀ, ਜੋ ਕੇਂਦਰ ਵਿੱਚ ਰਹੀ ਹੈ। ਹੋਰ ਤਾਂ ਹੋਰ, ਭਾਜਪਾ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ।