ਖਟਕੜ ਕਲਾਂ, 16 ਮਾਰਚ 2022 – ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰ 12.30 ਵਜੇ ਸਹੁੰ ਚੁੱਕਣਗੇ। ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਮਾਨ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋ ਰਿਹਾ ਹੈ। ਸਮਾਗਮ ਵਿੱਚ ਲਗਭਗ 2 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਮਰਦ ਬਸੰਤੀ ਰੰਗ ਦੀ ਦਸਤਾਰ ਅਤੇ ਔਰਤਾਂ ਉਸੇ ਰੰਗ ਦਾ ਦੁਪੱਟਾ ਜਾਂ ਚੁੰਨੀ ਪਹਿਨ ਕੇ ਖਟਕੜ ਕਲਾਂ ਪਹੁੰਚਣਗੇ, ਕਿਉਂਕਿ ਭਗਵੰਤ ਮਾਨ ਵਲੋਂ ਇਸ ਸੰਬੰਧੀ ਅਪੀਲ ਕੀਤੀ ਸੀ। ਇਸ ਸਮਾਰੋਹ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਮੁੱਚੀ ਕੈਬਨਿਟ ਮੌਜੂਦ ਰਹੇਗੀ।
ਖਟਕੜ ਕਲਾਂ ਵਿੱਚ ਕਰੀਬ 13 ਏਕੜ ਵਿੱਚ ਪੰਡਾਲ ਬਣਾਇਆ ਗਿਆ ਹੈ। ਜਿਸ ਵਿੱਚ 3 ਪਲੇਟਫਾਰਮ ਬਣਾਏ ਗਏ ਹਨ। ਨਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬੀਐੱਲ ਪੁਰੋਹਿਤ ਪਹਿਲੀ ਸਟੇਜ ‘ਤੇ ਹੋਣਗੇ। ਦੂਜੇ ਨੰਬਰ ‘ਤੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਕੈਬਨਿਟ ਬੈਠਣਗੇ। ਤੀਜੇ ਨੰਬਰ ‘ਤੇ ਪੰਜਾਬ ਦੇ ਸਾਰੇ 116 ਵਿਧਾਇਕਾਂ ਲਈ ਕੁਰਸੀ ਰੱਖੀ ਗਈ ਹੈ। ਸੁਰੱਖਿਆ ਲਈ ਕਰੀਬ 10,000 ਜਵਾਨ ਤਾਇਨਾਤ ਕੀਤੇ ਗਏ ਹਨ। ਸਹੁੰ ਚੁੱਕ ਸਮਾਗਮ 100 ਏਕੜ ਦੀ ਜਗ੍ਹਾ ‘ਤੇ ਹੋ ਰਿਹਾ ਹੈ। ਜਿਸ ਵਿੱਚ 40 ਏਕੜ ਵਿੱਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।