ਸ੍ਰੀ ਕਰਤਾਰਪੁਰ ਸਾਹਿਬ ‘ਚ 23 ਤੋਂ 27 ਤੱਕ ਮਨਾਇਆ ਜਾ ਰਿਹਾ ‘ਜਸ਼ਨ-ਏ-ਬਹਾਰਾਂ’ ਵਿਵਾਦਾਂ ’ਚ ਘਿਰਿਆ

  • ਪਾਕਿਸਤਾਨ ਸਰਕਾਰ ਸਿੱਖ ਭਾਵਨਾਵਾਂ ਨਾਲ ਵਾਰ ਵਾਰ ਖਿਲਵਾੜ ਨਾ ਕਰੇ : ਪ੍ਰੋ: ਸਰਚਾਂਦ ਸਿੰਘ ਖਿਆਲਾ
  • ਗੁਰਦੁਆਰਿਆਂ ਦੇ ਹਦੂਦ ਅੰਦਰ ਨਾਚ ਗਾਣਿਆਂ ਦੇ ਅਖਾੜਿਆਂ ਲਈ ਨਹੀਂ ਕੋਈ ਜਗ੍ਹਾ

ਅੰਮ੍ਰਿਤਸਰ, 18 ਮਾਰਚ 2022 – ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਦੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਨਾਰੋਵਾਲ ਵਿਖੇ ‘ਜਸ਼ਨ-ਏ-ਬਹਾਰਾਂ’ ਮਨਾਉਣ ਦੇ ਕੀਤੇ ਗਏ ਫ਼ੈਸਲੇ ਨੂੰ ਸਿੱਖੀ ਰਹੁਰੀਤਾਂ ਦੇ ਵਿਪਰੀਤ ਗਰਦਾਨਦਿਆਂ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਵਾਰ ਵਾਰ ਖਿਲਵਾੜ ਨਾ ਕਰਨ ਲਈ ਵੀ ਕਿਹਾ ਹੈ।

ਉਨ੍ਹਾਂ ਕਿਹਾ ਕਿ ਉਕਤ ਫ਼ੈਸਟੀਵਲ ਨਾਲ ਮਰਯਾਦਾ ਵਿਚ ਵਿਘਨ ਪੈਣ ਨਾਲ ਪੈਦਾ ਹੋਣ ਵਾਲੀ ਸਥਿਤੀ ਸਿੱਖ ਸੰਗਤਾਂ ਅਤੇ ਵਿਰਾਸਤ ਪ੍ਰੇਮੀਆਂ ਲਈ ਅਸਹਿ ਹੋਵੇਗਾ। ਆਮਦਨੀ ਵਧਾਉਣ ਦੇ ਮਨਸ਼ੇ ਨਾਲ ਪਾਕਿਸਤਾਨ ਸਰਕਾਰ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੱਲ ਆਕਰਸ਼ਿਤ ਕਰਨ ਅਤੇ ਪਾਕਿਸਤਾਨ ਦਿਹਾੜਾ ਮਨਾਉਣ ਲਈ ਬਸੰਤ ਰੁੱਤ ਦੀ ਆਮਦ ’ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਕੰਪਲੈਕਸ ‘ਚ 23 ਮਾਰਚ ਤੋਂ 27 ਮਾਰਚ ਤਕ ਕਰਾਏ ਜਾ ਰਹੇ ਪ੍ਰੋਗਰਾਮ ਜਿਨ੍ਹਾਂ ’ਚ ਸੂਫ਼ੀ ਮਿਊਜ਼ਿਕ ਸ਼ਾਮ, ਸਭਿਆਚਾਰਕ ਸ਼ੋਅ, ਫੈਮਲੀ ਫ਼ੈਸਟੀਵਲ ਅਤੇ ਫੂਡ ਸਟਰੀਟ ਆਦਿ ਦਾ ਰੂਹਾਨੀਅਤ ਨਾਲ ਕੋਈ ਸਰੋਕਾਰ ਨਹੀਂ ਹੈ। ਇਹ ਕੇਵਲ ਸਿੱਖ ਫ਼ਲਸਫ਼ੇ ਤੇ ਮਰਯਾਦਾ ’ਚ ਵਿਗਾੜ ਪਾਉਣ ਦੀ ਸਾਜ਼ਿਸ਼ ਹੈ।

ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦੇ ਹਦੂਦ ਅੰਦਰ ਨਾਚ ਗਾਣਿਆਂ ਦੇ ਅਖਾੜਿਆਂ ਲਈ ਕੋਈ ਜਗਾ ਨਹੀਂ। ਪਰ ਕੀਰਤਨ, ਕਥਾ ਵਿਖਿਆਨ ਰਾਹੀਂ ਰੱਬੀ ਉਸਤਤ ਦੇ ਨਾਲ ਨਾਲ ਢਾਡੀ, ਕਵੀਸ਼ਰੀ ਨਾਲ ਗੁਰੂ ਤੇ ਸਿੱਖ ਇਤਿਹਾਸ ਦੀ ਸੋਝੀ ਕਰਾਉਣ ਅਤੇ ਜੱਸ ਗਾਉਣ ਦੀ ਰਵਾਇਤ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ’ਚ ਗੁਰਦੁਆਰਾ ’’ਗੁਰੂ ਦਾ ਦਰ’’ ਹੈ, ਜਿਸ ਦੀ ਸਥਾਪਨਾ ਧਰਮਸ਼ਾਲਾ ਦੇ ਰੂਪ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਖ਼ੁਦ ਕੀਤੀ ਗਈ। ਇਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਕੇਂਦਰ ਹਨ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ’ਚ ਵਿਅਕਤਿਤਵ ਨੂੰ ਗੁਰੂ ਆਸ਼ੇ ਅਨੁਸਾਰ ਢਾਲਿਆ ਜਾਂਦਾ ਹੈ। ਜਿੱਥੋਂ ਸਿੱਖ ਸੰਗਤਾਂ ਅਤੇ ਜਿਗਿਆਸੂਆਂ ਨੂੰ ਗੁਰਮਤਿ, ਆਤਮ ਜਿਗਿਆਸਾ ਅਤੇ ਗੁਰ-ਉਪਦੇਸ਼ ਹਾਸਲ ਕਰਕੇ ਨਿਹਾਲ ਹੁੰਦੀਆਂ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਇਕ ’ਡਮੀ’( ਨਕਲੀ) ਕਮੇਟੀ ਹੈ, ਜਿਸ ਕੋਲ ਪਾਕਿਸਤਾਨ ’ਚ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਫ਼ੈਸਲੇ ਲੈਣ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ’ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ’ ਅਧੀਨ ਕੰਮ ਕਰਦੀ ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਾ ਕਰਤਾਰ ਪੁਰ ਸਾਹਿਬ ਵਿਖੇ ਸਿਗਰੇਟ ਦੇ ਰੈਪਰ ’ਚ ਸੰਗਤਾਂ ਨੂੰ ਪ੍ਰਸ਼ਾਦ ਦੇਣ ਅਤੇ ਪਾਕਿਸਤਾਨੀ ਮਾਡਲ ਵੱਲੋਂ ਇਸੇ ਗੁਰਦੁਆਰਾ ਕੰਪਲੈਕਸ ਅੰਦਰ ਕੱਪੜਿਆਂ ਦੇ ਵਿਗਿਆਪਨ ਲਈ ਕੀਤੀ ਇਤਰਾਜ਼ਯੋਗ ਫੋਟੋ ਸ਼ੂਟ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਾਰ ਵਾਰ ਠੇਸ ਪਹੁੰਚਾਇਆ ਜਾ ਚੁਕਾ ਹੈ।

ਇਸ ਮੌਕੇ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਵੱਲੋਂ ਆਪਣੇ ਆਵਾਮ ਮੁਸਲਿਮ ਵਿਜ਼ਟਰਾਂ ਲਈ ਕਰਤਾਰਪੁਰ ਸਾਹਿਬ ਦਾਖ਼ਲੇ ਲਈ 200 ਰੁਪੈ ਫੀਸ ’ਚ ਦੋਗੁਣਾ ਵਾਧਾ ਕਰਦਿਆਂ 400 ਰੁਪਏ ਵਸੂਲੇ ਜਾਣ ਦੀ ਵੀ ਸਖ਼ਤ ਅਲੋਚਨਾ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਕ ਪਾਸੇ ਦਾਖਲਾ ਫ਼ੀਸ ’ਚ ਬੇਲੋੜਾ ਵਾਧਾ ਕੀਤਾ ਗਿਆ ਹੈ, ਜਦਕਿ ਦੂਜੇ ਪਾਸੇ ਰੱਖ ਰਖਾਅ ਦੀ ਕਮੀ ਕਾਰਨ ਗੁਰਦੁਆਰਾ ਸਾਹਿਬ ਦੇ ਸੰਗਮਰਮਰੀ ਫ਼ਰਸ਼ ਤੋਂ ਤਿਲ੍ਹਕਣ ਨਾਲ ਲਗਪਗ ਰੋਜ਼ਾਨਾ ਸ਼ਰਧਾਲੂਆਂ ਨੂੰ ਸੱਟਾਂ ਲੱਗ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ’ਚ ਸਥਾਪਿਤ ਕੀਤੀ ਆਰਟ ਗੈਲਰੀ ਤੇ ਮਿਊਜ਼ੀਅਮ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਲੰਗਰ ’ਚ ਵੀ ਸਿਰਫ਼ ਅਧਿਕਾਰੀਆਂ ਦੀ ਜਾਣ ਪਛਾਣ ਵਾਲੇ ਪਾਕਿਸਤਾਨੀ ਮੁਸਲਿਮ ਵਿਜ਼ਟਰ ਨੂੰ ਹੀ ਜਾਣ ਦੀ ਮਨਜ਼ੂਰੀ ਹੈ। ਉਨਾਂ ਪਾਕਿਸਤਾਨ ਸਰਕਾਰ ਨੂੰ ਕਰਤਾਰਪੁਰ ਸਾਹਿਬ ਵਿਖੇ ਫੈਸਟੀਵਲ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਬੀਰ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਕੀਤੀ ਪੇਸ਼ਕਸ਼, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਪੇਸ਼ਕਸ਼ ਠੁਕਰਾਈ

ਕਾਂਗਰਸ ਛੱਡ ਕੇ ‘ਆਪ’ ‘ਚ ਹੋਏ ਸ਼ਾਮਲ ਸਾਬਕਾ ਮੰਤਰੀ ਕੰਗ ਨੇ ਠੋਕਿਆ ਰਾਜ ਸਭਾ ਸੀਟ ਲਈ ਦਾਅਵਾ