ਨਕੋਦਰ 18 ਮਾਰਚ 2022 – ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅੰਤਿਮ ਸਸਕਾਰ 19 ਮਾਰਚ ਦਿਨ ਸ਼ਨੀਵਾਰ ਨੂੰ ਉਨ੍ਹਾਂ ਦੇ ਪਿੰਡ ਨੰਗਲ ਅੰਬੀਆਂ ‘ਚ ਦੁਪਹਿਰ 12 ਵਜੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਿੰਡ ਨੰਗਲ ਅੰਬੀਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਖੇਡ ਗਰਾਊਂਡ ‘ਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦਰਸ਼ਨਾਂ ਲਈ ਰੱਖਿਆ ਜਾਵੇਗਾ। ਸੰਦੀਪ ਦੇ ਪਿੰਡ ਚ ਹੋਵੇਗਾ ਅੰਤਿਮ ਸਸਕਾਰ | ਇੰਗਲੈਂਡ ਤੋਂ ਸੰਦੀਪ ਦਾ ਪਰਿਵਾਰ ਪੰਜਾਬ ਆ ਗਿਆ ਹੈ।
ਪਿਛਲੇ ਦਿਨੀਂ ਤਹਿਸੀਲ ਨਕੋਦਰ ਦੇ ਪਿੰਡ ਮੱਲੀਆਂ ਖ਼ੁਰਦ ’ਚ ਲਾਈਨਜ ਕਲੱਬ ਦੇ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ ਦਾ ਚੱਲਦੇ ਟੂਰਨਾਮੈਂਟ ’ਚ ਸ਼ਾਮ ਕਰੀਬ 6:30 ਵਜੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਦਵਿੰਦਰ ਬੰਬੀਹਾ ਗਰੁੱਪ ਨੇ ਲੈ ਕੇ ਵਿਰੋਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ।
ਇਹ ਕਤਲਕਾਂਡ ਜਲੰਧਰ ਦਿਹਾਤੀ ਪੁਲਿਸ ਲਈ ਇੱਕ ਵੱਡੀ ਮੁਸੀਬਤ ਬਣ ਗਿਆ ਹੈ। ਜਿਸ ’ਚ ਹੁਣ ਪੁਲਿਸ ਦੇ ਹੱਥ ਬਹੁਤ ਅਹਿਮ ਸੁਰਾਗ਼ ਲੱਗੇ ਹਨ। ਇਨ੍ਹਾਂ ਅਹਿਮ ਸੁਰਾਗਾਂ ਰਾਹੀਂ ਇਸ ਕਤਲਕਾਂਡ ਦੇ ਤਾਰ ਹੁਣ ਜੇਲ੍ਹ ’ਚ ਬੰਦ ਗੈਂਗਸਟਰਾਂ ਨਾਲ ਜੁੜਦੇ ਦਿਖ ਰਹੇ ਹਨ। ਇਸੇ ਤਹਿਤ ਹੀ ਐੱਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ ਦੀ ਅਗਵਾਈ ’ਚ ਪੁਲਿਸ ਵੱਲੋਂ ਸੰਗਰੂਰ ਜੇਲ੍ਹ ’ ਚ ਬੰਦ ਗੈਂਗਸਟਰ ਫ਼ਤਿਹ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਨਕੋਦਰ ਲਿਆਂਦਾ ਗਿਆ। ਉਸ ਨੂੰ ਨਕੋਦਰ ਅਦਾਲਤ ’ਚ ਪੇਸ਼ ਕਰਕੇ 5 ਦਿਨਾ ਰਿਮਾਂਡ ’ਤੇ ਲਿਆ ਗਿਆ।
ਇਸ ਦੌਰਾਨ ਰਿਮਾਂਡ ਦੌਰਾਨ ਨਕੋਦਰ ਥਾਣੇ ’ਚ ਜਲੰਧਰ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਖੁਦ ਗੈਂਗਸਟਰ ਫ਼ਤਿਹ ਤੋਂ ਸੰਦੀਪ ਕਤਲਕਾਂਡ ਨੂੰ ਲੈ ਕੇ 4 ਘੰਟਿਆਂ ਤੋਂ ਵੱਧ ਸਮੇਂ ਤੋਂ ਪੁੱਛਗਿੱਛ ਕੀਤੀ। ਉਥੇ ਹੀ ਦੂਜੇ ਪਾਸੇ ਤਿਹਾੜ ਜੇਲ੍ਹ ’ਚ ਬੰਦ ਗੈਂਗਸਟਰ ਕੌਸ਼ਿਕ ਚੌਧਰੀ ਨੂੰ ਨਕੋਦਰ ਲਿਆਉਣ ਲਈ ਪੁਲਿਸ ਦੀ ਟੀਮ ਰਵਾਨਾ ਹੋ ਚੁੱਕੀ ਹੈ। ਉਸ ਨੂੰ ਵੀ ਰਿਮਾਂਡ ’ਤੇ ਲੈ ਕੇ ਇਸ ਕਤਲਕਾਂਡ ਨੂੰ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਐੱਸ. ਐੱਸ. ਪੀ. ਸਤਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਟੀਮ ਦੀ ਸਖ਼ਤ ਮਿਹਨਤ ਨਾਲ ਇਸ ਕਤਲਕਾਂਡ ਦੀ ਗੁੱਥੀ ਸੁਲਝਦੀ ਦਿਖਾਈ ਦੇ ਰਹੀ ਹੈ।