- ਕੀ ਤੁਸੀਂ ਲੋਕਾਂ ਨੂੰ ਦੱਸੋਗੇ ਕਿ ਪੰਜਾਬ ਪ੍ਰਧਾਨ ਹੁੰਦਿਆਂ 2017 ਤੋਂ 2021 ਦਰਮਿਆਨ ਕਾਂਗਰਸ ਕਿੰਨੀ ਮਜ਼ਬੂਤ ਹੋਈ ਹੈ?
ਚੰਡੀਗੜ੍ਹ, 19 ਮਾਰਚ 2022 – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਨੇ ਸੂਬਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹਾਰ ਲਈ ਜ਼ਿੰਮੇਵਾਰ ਪਾਰਟੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਸਲਾਹ ਦਿੱਤੀ ਹੈ। ਦੀਵਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਹਾਰ ਲਈ ਜਾਖੜ ਸਭ ਤੋਂ ਵੱਡੇ ਦੋਸ਼ੀ ਹਨ, ਜੋ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਅਤੇ ਫਿਰ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਵਜੋਂ ਅਸਫਲ ਰਹੇ।
ਇੱਥੇ ਜਾਰੀ ਇੱਕ ਬਿਆਨ ਵਿੱਚ, ਦੀਵਾਨ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਉਹ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਦੋਸ਼ ਲਗਾ ਰਹੇ ਹਨ, ਪਰ ਕੀ ਉਹ ਲੋਕਾਂ ਨੂੰ ਦੱਸਣਗੇ ਕਿ ਉਨ੍ਹਾਂ ਨੇ 2017 ਤੋਂ 2021 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਪਾਰਟੀ ਨੂੰ ਕਿੰਨੀ ਤਾਕਤ ਦਿੱਤੀ ਹੈ ?
ਦੀਵਾਨ ਨੇ ਕਿਹਾ ਕਿ ਜਾਖੜ ਬਤੌਰ ਪੰਜਾਬ ਕਾਂਗਰਸ ਪ੍ਰਧਾਨ ਕਿਸੇ ਵਰਕਰ ਕੋਲ ਨਹੀਂ ਗਏ ਅਤੇ ਨਾ ਹੀ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਦੀ ਕੋਈ ਮੀਟਿੰਗ ਕੀਤੀ। ਇੱਥੋਂ ਤੱਕ ਕਿ ਉਹ ਦਿੱਲੀ ਤੋਂ ਸਿੱਧੀ ਫਲਾਈਟ ਰਾਹੀਂ ਚੰਡੀਗੜ੍ਹ ਆਉਂਦੇ ਸਨ ਅਤੇ ਫਲਾਈਟ ਰਾਹੀਂ ਵਾਪਸ ਚਲੇ ਜਾਂਦੇ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ 120 ਮਿਊਂਸੀਪਲ ਕਮੇਟੀਆਂ ਅਤੇ 2 ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ, ਪਰ ਉਹ ਪ੍ਰਚਾਰ ਕਰਨ ਲਈ ਕਿਤੇ ਨਹੀਂ ਗਏ। ਇਸ ਦੇ ਉਲਟ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਜ਼ੋਰਦਾਰ ਪ੍ਰਚਾਰ ਕੀਤਾ।
ਉਨ੍ਹਾਂ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਵਜੋਂ ਸੁਨੀਲ ਜਾਖੜ ਦੀਆਂ ਨਾਕਾਮੀਆਂ ਦਾ ਵੀ ਪਰਦਾਫਾਸ਼ ਕੀਤਾ ਅਤੇ ਖੁਲਾਸਾ ਕੀਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਾਖੜ ਨੇ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ਼ 7 ਸੀਟਾਂ ’ਤੇ ਹੀ ਚੋਣ ਪ੍ਰਚਾਰ ਕਰਨ ਲਈ ਨਹੀਂ ਗਏ। ਇਸ ਦੇ ਉਲਟ ਉਨ੍ਹਾਂ ਨੇ ਹਿੰਦੂ-ਸਿੱਖ ਪਾੜਾ ਪੈਦਾ ਕਰਕੇ ਪਾਰਟੀ ਨੂੰ ਵੱਡਾ ਨੁਕਸਾਨ ਪਹੁੰਚਾਇਆ। ਦੀਵਾਨ ਨੇ ਕਿਹਾ ਕਿ ਹਿੰਦੂਆਂ ਅਤੇ ਸਿੱਖਾਂ ਵਿਚ ਨਹੁੰ ਮਾਸ ਦਾ ਰਿਸ਼ਤਾ ਹੈ, ਜਿਸ ਨੂੰ ਕੋਈ ਵੱਖ ਨਹੀਂ ਕਰ ਸਕਦਾ। ਇਨ੍ਹਾਂ ਹਾਲਾਤਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਹਾਰ ਲਈ ਸੁਨੀਲ ਜਾਖੜ ਸਭ ਤੋਂ ਵੱਧ ਜ਼ਿੰਮੇਵਾਰ ਹਨ। ਉਨ੍ਹਾਂ ਨੇ ਸੁਨੀਲ ਜਾਖੜ ਦੇ ਵਿਰੋਧੀ ਪਾਰਟੀਆਂ ਦੇ ਸੰਪਰਕ ‘ਚ ਹੋਣ ‘ਤੇ ਵੀ ਸ਼ੱਕ ਜ਼ਾਹਰ ਕੀਤਾ।
ਇਸ ਤਰ੍ਹਾਂ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਰਹੇ ਅਜੈ ਮਾਕਨ ਨੂੰ ਸੂਬੇ ‘ਚ ਹੋਈ ਹਾਰ ਉਪਰ ਮੰਥਨ ਕਰਨ ਦੀ ਜ਼ਿੰਮੇਵਾਰੀ ਦਿੱਤੇ ਜਾਣ ‘ਤੇ ਸਵਾਲ ਚੁੱਕੇ ਹਨ। ਜਿਨ੍ਹਾਂ ਦੀਆਂ ਗਲਤਬਨੀਤੀਆਂ ਕਾਰਨ ਪਹਿਲਾਂ ਦਿੱਲੀ ਵਿੱਚ ਕਾਂਗਰਸ ਦਾ ਸਫਾਇਆ ਹੋ ਗਿਆ ਸੀ। ਦੀਵਾਨ ਨੇ ਕਿਹਾ ਕਿ ਮਾਕਨ ਨੇ ਹੀ ਪੰਜਾਬ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰਾਂ ਨੂੰ ਟਿਕਟਾਂ ਦੀ ਵੰਡ ਕੀਤੀ ਸੀ। ਅਜਿਹੇ ‘ਚ ਉਹ ਆਪਣੀਆਂ ਗਲਤੀਆਂ ਦੀ ਜ਼ਿੰਮੇਵਾਰੀ ਖੁਦ ਕਿਵੇਂ ਤੈਅ ਕਰ ਸਕਣਗੇ।