ਚੰਡੀਗੜ੍ਹ, 20 ਮਾਰਚ 2022 – ਰਾਜ ਸਭਾ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਲਈ ਸਿਰਫ ਇੱਕ ਦਿਨ ਹੀ ਬਾਕੀ ਹੈ, ਜਦੋਂ ਕਿ ਪੰਜਾਬ ਦੀ ਸੱਤਾ ‘ਚ ਆਈ ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਨਹੀਂ ਭਰੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੇ 117 ‘ਚੋਂ 92 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਜਿਸ ਕਾਰਨ ਰਾਜ ਸਭਾ ਦੀਆਂ ਸਾਰੀਆਂ 5 ਸੀਟਾਂ ‘ਤੇ ਉਨ੍ਹਾਂ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਹੈ।
ਜਿਹੇ ‘ਚ ਪੰਜਾਬ ਲੋਕ ਕਾਂਗਰਸ ਦੇ ਆਗੂ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਟਵੀਟ ਕਰਕੇ ਆਮ ਆਦਮੀ ‘ਤੇ ਨਿਸ਼ਾਨਾ ਸਾਧਿਆ ਹੈ। ਕਿਉਂਕਿ ਆਪ ਵੱਲੋਂ ਪੰਜਾਬ ਤੋਂ ਬਾਹਰੀ ਉਮੀਦਵਾਰਾਂ ਦੇ ਨਾਮ ਸਾਹਮਣੇ ਆ ਰਹੇ ਹਨ, ਜਿਸ ‘ਤੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਇਸ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬੀਆਂ ਨੇ ਉਨ੍ਹਾਂ ‘ਤੇ ਵਿਸ਼ਵਾਸ ਦਿਖਾਇਆ ਹੈ। ਉਮੀਦ ਹੈ ਕਿ ਉਹ ਪੰਜਾਬੀਆਂ ਨੂੰ ਨਾਮਜ਼ਦ ਕਰਵਾ ਕੇ ਇਸ ਨੂੰ ਕਾਇਮ ਰੱਖਣਗੇ।
ਇਸ ਵੇਲੇ ਪੰਜਾਬ ਤੋਂ ਰਾਜ ਸਭਾ ਲਈ 3 ਨਾਂ ਚਰਚਾ ਵਿੱਚ ਹਨ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਰਸਮੀ ਐਲਾਨ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ। ਪਹਿਲਾ ਨਾਂ ਕ੍ਰਿਕਟਰ ਹਰਭਜਨ ਸਿੰਘ ਦਾ ਹੈ। ਹਰਭਜਨ ਨੇ ਕੁਝ ਮਹੀਨੇ ਪਹਿਲਾਂ ਹੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਹਨ।
ਦੂਜਾ ਨਾਂ ਰਾਘਵ ਚੱਢਾ ਦਾ ਹੈ। ਇਸ ਸਮੇਂ ਉਹ ਦਿੱਲੀ ਤੋਂ ਵਿਧਾਇਕ ਹਨ। ਹਾਲਾਂਕਿ ਪੰਜਾਬ ਚੋਣਾਂ ਵਿੱਚ ਉਨ੍ਹਾਂ ਪਾਰਟੀ ਦੇ ਸਹਿ-ਇੰਚਾਰਜ ਵਜੋਂ ਕੰਮ ਕੀਤਾ। ਜਿਸ ਵਿੱਚ ਉਸਦੀ ਰਣਨੀਤੀ ਸਦਕਾ ਆਪ ਨੂੰ ਵੱਡੀ ਜਿੱਤ ਮਿਲੀ।
ਤੀਜਾ ਨਾਂ ਆਈਆਈਟੀ ਦਿੱਲੀ ਦੇ ਪ੍ਰੋਫੈਸਰ ਸੰਦੀਪ ਪਾਠਕ ਦਾ ਹੈ। ਪ੍ਰੋਫੈਸਰ ਪਾਠਕ ਨੇ ਪੰਜਾਬ ਚੋਣਾਂ ਦੌਰਾਨ ਪਰਦੇ ਪਿੱਛੇ ਰਹਿ ਕੇ ‘ਆਪ’ ਦੀ ਜਿੱਤ ਦੀ ਰਣਨੀਤੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਇਸ ਤੋਂ ਬਿਨਾ ਕਾਂਗਰਸ ਦੇ ਸਾਬਕਾ ਮੰਤਰੀ ਜਗਮੋਹਨ ਕੰਗ ਵੀ ਰਾਜ ਸਭਾ ਸੀਟ ਲਈ ਦਾਅਵਾ ਪੇਸ਼ ਕਰ ਰਹੇ ਹਨ। ਪਿਛਲੀਆਂ ਵਿਸੇਸ਼ ਚੋਣਾਂ ਵਿੱਚ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਸੀ। ਜਿਸ ਤੋਂ ਬਾਅਦ ਉਹ ਆਪ ‘ਚ ਸ਼ਾਮਿਲ ਹੋ ਗਏ ਸਨ।
‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੇ ਵਿਧਾਇਕਾਂ ਨਾਲ ਵਰਚੁਅਲ ਮੀਟਿੰਗ ਕਰ ਰਹੇ ਹਨ। ਇਸ ਦੇ ਲਈ ਵਿਧਾਇਕ ਮੋਹਾਲੀ ‘ਚ ਇਕੱਠੇ ਹੋਣਗੇ। ਇਸ ਦੌਰਾਨ ਰਾਜ ਸਭਾ ਦੇ ਉਮੀਦਵਾਰਾਂ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਹੈ।