ਅੰਮ੍ਰਿਤਸਰ, 20 ਮਾਰਚ 2022 – ਹੋਲੇ ਮੁਹੱਲੇ ‘ਤੇ ਸਪਾਈਸ ਜੈੱਟ ਨੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਸਪਾਈਸਜੈੱਟ ਨੇ ਪੰਜਾਬ ਦੇ ਅੰਮ੍ਰਿਤਸਰ ਤੋਂ ਗੁਜਰਾਤ ਦੇ ਅਹਿਮਦਾਬਾਦ ਲਈ ਸਿੱਧੀਆਂ ਉਡਾਣਾਂ ਦਾ ਐਲਾਨ ਕੀਤਾ ਹੈ। ਇਹ ਫਲਾਈਟ ਰੋਜ਼ਾਨਾ ਉਡਾਣ ਭਰੇਗੀ। ਇਸ ਨਾਲ ਪੰਜਾਬ ਅਤੇ ਗੁਜਰਾਤ ਦੇ ਵਪਾਰੀ, ਸੈਲਾਨੀ ਅਤੇ ਆਮ ਲੋਕ ਅੰਮ੍ਰਿਤਸਰ-ਅਹਿਮਦਾਬਾਦ ਦਰਮਿਆਨ ਦਾ ਸਫਰ ਦੋ ਘੰਟਿਆਂ ਵਿੱਚ ਪੂਰਾ ਕਰ ਸਕਣਗੇ।
ਗੁਰੂ ਨਗਰੀ ਹਮੇਸ਼ਾ ਤੋਂ ਹੀ ਕੱਪੜਾ ਵਪਾਰ ਲਈ ਜਾਣੀ ਜਾਂਦੀ ਰਹੀ ਹੈ। ਹੁਣ ਵੀ ਅੰਮ੍ਰਿਤਸਰ ਵਿੱਚ ਕੱਪੜੇ ਦੇ ਵਪਾਰ ਵਿੱਚ ਗੁਜਰਾਤ ਦਾ ਅਹਿਮ ਯੋਗਦਾਨ ਹੈ। ਜਿਸ ਕਾਰਨ ਵਪਾਰੀ ਰੋਜ਼ਾਨਾ ਅੰਮ੍ਰਿਤਸਰ-ਗੁਜਰਾਤ ਵਿਚਕਾਰ ਸਫਰ ਕਰਦੇ ਹਨ। ਜਦੋਂ ਕਿ ਰੇਲਗੱਡੀ ਦਾ ਇਹ ਸਫ਼ਰ ਇੱਕ ਦਿਨ ਤੋਂ ਵੱਧ ਦਾ ਹੈ, ਪਰ ਹਵਾਈ ਅੱਡੇ ਤੋਂ ਗੁਜਰਾਤ ਲਈ ਕੋਈ ਸਿੱਧੀ ਉਡਾਣ ਨਹੀਂ ਸੀ। ਪਰ ਹੁਣ ਸਪਾਈਸ ਜੈੱਟ ਨੇ ਅੰਮ੍ਰਿਤਸਰ-ਗੁਜਰਾਤ ਵਿਚਕਾਰ ਫਲਾਈਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਫਲਾਈਟ 2 ਘੰਟੇ ‘ਚ ਅਹਿਮਦਾਬਾਦ ਤੋਂ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ-ਅਹਿਮਦਾਬਾਦ ਵਿਚਾਲੇ ਪਹਿਲੀ ਉਡਾਣ 27 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ।
27 ਮਾਰਚ ਤੋਂ ਸ਼ੁਰੂ ਹੋਣ ਵਾਲੀ ਇਹ ਫਲਾਈਟ ਦੋਵਾਂ ਸ਼ਹਿਰਾਂ ਵਿਚਾਲੇ ਰੋਜ਼ਾਨਾ ਉਡਾਣ ਭਰੇਗੀ। ਅਹਿਮਦਾਬਾਦ ਤੋਂ ਫਲਾਈਟ ਰੋਜ਼ਾਨਾ ਸ਼ਾਮ 7:10 ਵਜੇ ਉਡਾਣ ਭਰੇਗੀ, ਜੋ ਦੋ ਘੰਟੇ ਬਾਅਦ ਰਾਤ 9:10 ਵਜੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇਗੀ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਇਹ ਫਲਾਈਟ ਰਾਤ 9:30 ‘ਤੇ ਦੁਬਾਰਾ ਉਡਾਣ ਭਰੇਗੀ ਅਤੇ 11:25 ‘ਤੇ ਅਹਿਮਦਾਬਾਦ ‘ਚ ਲੈਂਡ ਕਰੇਗੀ।