ਅੰਮ੍ਰਿਤਸਰ, 20 ਮਾਰਚ 2022 – ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਨੌਜਵਾਨ ਵੱਲੋਂ ਆਪਣੇ ਸਾਢੂ ਨਾਲ ਲੜਾਈ ਤੋਂ ਬਾਅਦ ਆਪਣੀ ਭੂਆ ਦੇ ਲੜਕੇ ਨਾਲ ਮਿਲ ਕੇ ਸਾਢੂ ਦੀ 4 ਸਾਲਾ ਬੱਚੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਨੇ ਲੜਕੀ ਨੂੰ ਮਾਰਨ ਦੀ ਨੀਅਤ ਨਾਲ ਬੋਰੀ ਵਿੱਚ ਪਾ ਕੇ ਖੇਤਾਂ ਵਿੱਚ ਸੁੱਟ ਦਿੱਤਾ। ਪਰ ਉੱਥੋਂ ਲੰਘ ਰਹੇ ਨੌਜਵਾਨਾਂ ਨੇ ਉਸ ਨੂੰ ਦੇਖ ਲਿਆ ਅਤੇ ਲੋਕਾਂ ਨੇ ਮੁਲਜ਼ਮ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ, ਜਦਕਿ ਦੂਜਾ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਘਟਨਾ ਸ਼ਨੀਵਾਰ ਨੂੰ ਸਾਰੰਗਦੀ ਪਿੰਡ ਦੀ ਹੈ। ਪਿੰਡ ਭਿੰਡੀਆਂ ਔਲਖ ਵਾਸੀ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਆਪਣੇ ਚਚੇਰੇ ਭਰਾ ਸਵਰਨ ਸਿੰਘ ਨਾਲ ਮੋਟਰਸਾਈਕਲ ’ਤੇ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਜਦੋਂ ਉਹ ਲੇਲੀਆਂ ਰੋਡ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਮੋਟਰਸਾਈਕਲ ‘ਤੇ ਦੋ ਨੌਜਵਾਨਾਂ ਨੂੰ ਦੇਖਿਆ। ਪਿੱਛੇ ਬੈਠੇ ਨੌਜਵਾਨ ਦੇ ਹੱਥ ਵਿੱਚ ਬੋਰੀ ਸੀ ਅਤੇ ਫਿਰ ਉਨ੍ਹਾਂ ਨੇ ਮੋਟਰਸਾਈਕਲ ਰੋਕ ਲਿਆ ਅਤੇ ਬੋਰੀ ਖੇਤਾਂ ਵਿੱਚ ਸੁੱਟ ਦਿੱਤੀ। ਜਦੋਂ ਉਹ ਨੇੜੇ ਪਹੁੰਚੇ ਤਾਂ ਦੇਖਿਆ ਕਿ ਬੋਰੀ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਉਸ ਨੇ ਤੁਰੰਤ ਮੁਲਜ਼ਮਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ‘ਚੋ ਇੱਕ ਨੂੰ ਫੜ ਲਿਆ, ਜਦਕਿ ਦੂਜਾ ਮੌਕੇ ਤੋਂ ਫਰਾਰ ਹੋ ਗਿਆ।
ਫੜੇ ਜਾਣ ’ਤੇ ਮੁਲਜ਼ਮ ਨੇ ਦੱਸਿਆ ਕਿ ਬੋਰੀ ਵਿੱਚ ਪਈ ਲੜਕੀ ਉਸ ਦੇ ਸਾਢੂ ਦੀ ਧੀ ਹੈ। ਕੁਝ ਦਿਨ ਪਹਿਲਾਂ ਉਸਦੀ ਅਤੇ ਉਸਦੀ ਭੂਆ ਦੇ ਲੜਕੇ ਦੀ ਸਾਢੂ ਨਾਲ ਲੜਾਈ ਹੋ ਗਈ ਸੀ। ਜਿਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਉਸ ਦੀ ਬੇਟੀ ਨੂੰ ਅਗਵਾ ਕਰਕੇ ਮਾਰਨ ਦੀ ਯੋਜਨਾ ਬਣਾਈ।
ਬਲਰਾਜ ਸਿੰਘ ਦੇ ਬਿਆਨਾਂ ’ਤੇ ਥਾਣਾ ਲੋਪੋਕੇ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਬੱਚੀ ਨੂੰ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।