ਨਵੀਂ ਦਿੱਲੀ, 22 ਮਾਰਚ 2022 – ਮੰਗਲਵਾਰ ਦੀ ਸਵੇਰ ਆਮ ਲੋਕਾਂ ਲਈ ਝਟਕੇ ਵਾਲੀ ਰਹੀ। ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 80 ਪੈਸੇ ਦੇ ਵਾਧੇ ਤੋਂ ਬਾਅਦ ਐਲ.ਪੀ.ਜੀ. ਦੀਆਂ ਕੀਮਤਾਂ ਵਿਚ ਵੀ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਯਾਨੀ 14.2 ਕਿਲੋ ਦੇ ਸਿਲੰਡਰ ਲਈ 949.50 ਰੁਪਏ ਦੇਣੇ ਹੋਣਗੇ। ਨਿਊਜ਼ ਏਜੰਸੀ ਪੀ.ਟੀ.ਆਈ. ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਵਾਧਾ 137 ਦਿਨਾਂ ਬਾਅਦ ਕੀਤਾ ਗਿਆ ਹੈ। ਗੌਰਤਲਬ ਹੈ ਕਿ 4 ਨਵੰਬਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਹੋਇਆ ਹੈ, ਇਨ੍ਹਾਂ ਦਿਨਾਂ ‘ਚ ਇਹ ਪਹਿਲਾ ਵਾਧਾ ਹੈ। ਦਿੱਲੀ ‘ਚ ਹੁਣ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕ੍ਰਮਵਾਰ 96.21 ਰੁਪਏ ਅਤੇ 87.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਮੁੰਬਈ ‘ਚ ਪੈਟਰੋਲ 110.82 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.00 ਰੁਪਏ ਪ੍ਰਤੀ ਲੀਟਰ ਹੈ।