ਚੰਡੀਗੜ੍ਹ, 22 ਮਾਰਚ 2022 – ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵਿੱਚ ਮਸ਼ਹੂਰ ਟਰਾਂਸਪੋਰਟ ਮੰਤਰੀ ਰਹੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵਿਧਾਨ ਸਭਾ ਵਿੱਚ ਕਿਰਕਰੀ ਹੋ ਗਈ। ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਤਰੀਕ ਨਹੀਂ ਦੱਸ ਸਕੇ। ਹੋਇਆ ਇਹ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਬਰਸੀ ਮੌਕੇ 23 ਮਾਰਚ ਨੂੰ ਪੂਰੇ ਸੂਬੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਜਿਸ ਦਾ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਵਿਰੋਧ ਕਰਦਿਆਂ ਕਿਹਾ ਕਿ ਛੁੱਟੀ ਨਹੀਂ ਹੋਣੀ ਚਾਹੀਦੀ। ਇਸ ਦੀ ਬਜਾਏ, ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਸੀਐਮ ਮਾਨ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਜਨਮ ਦਿਨ ਬਾਰੇ ਪੁੱਛਿਆ। ਜਿਸ ਬਾਰੇ ਉਹ ਨਹੀਂ ਦੱਸ ਸਕੇ।
ਰਾਜਾ ਵੜਿੰਗ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਜਾਗਰੂਕਤਾ ਫੈਲਾਉਣ ਦੇ ਸਵਾਲ ‘ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਗੱਲ ਮੇਰੇ ਵੀ ਧਿਆਨ ਵਿੱਚ ਹੈ। ਉਨ੍ਹਾਂ ਰਾਜਾ ਵੜਿੰਗ ਨੂੰ ਪੁੱਛਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੈ ? ਜਦੋਂ ਵੜਿੰਗ ਚੁੱਪ ਰਹੇ ਤਾਂ CM ਮਾਨ ਨੇ ਕਿਹਾ ਕਿ ਕਮਾਲ ਹੈ ? 28 ਸਤੰਬਰ ਨੂੰ ਹੁੰਦਾ ਹੈ। ਉਸ ਦਿਨ ਭਗਤ ਸਿੰਘ ਦੇ ਜੀਵਨ ਬਾਰੇ ਨਾਟਕ ਅਤੇ ਕੋਰੀਓਗ੍ਰਾਫੀ ਹੁੰਦੀ ਹੈ। ਮਾਨ ਨੇ ਕਿਹਾ ਕਿ ਨੋਟ ਕਰੋ, ਇਹ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮਦਿਨ ਹੁੰਦਾ ਹੈ। ਮਾਨ ਨੇ ਇਹ ਵੀ ਕਿਹਾ ਕਿ ਇਹ ਛੁੱਟੀ ਇਸ ਲਈ ਹੈ ਕਿ ਲੋਕ ਖਾਸ ਕਰਕੇ ਨੌਜਵਾਨ ਸ਼ਹੀਦ ਭਗਤ ਸਿੰਘ ਨੂੰ ਹੁਸੈਨੀਵਾਲਾ ਜਾਂ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਜਾ ਕੇ ਸ਼ਰਧਾਂਜਲੀ ਭੇਟ ਕਰਨ।