ਚੰਡੀਗੜ੍ਹ 24 ਮਾਰਚ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਭ੍ਰਿਸ਼ਟਾਚਾਰ ਹੈਲਪਲਾਈਨ ਨੰਬਰ ਜਾਰੀ ਹੋਣ ਤੋਂ ਬਾਅਦ ਹੀ ਉਨ੍ਹਾਂ ਕੋਲ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਹਿਲੀ ਸ਼ਿਕਾਇਤ ਬਠਿੰਡਾ ਜ਼ਿਲ੍ਹੇ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਖ਼ਿਲਾਫ ਮਿਲੀ ਹੈ। ਸਮਾਜ ਸੇਵੀ ਤੇ ਗਊਸ਼ਾਲਾ ਸਿਰਕੀ ਬਾਜ਼ਾਰ ਬਠਿੰਡਾ ਦੇ ਜਨਰਲ ਸਕੱਤਰ ਸਾਧੂ ਰਾਮ ਕੁਸ਼ਾਲਾ ਵੱਲੋਂ ਤਲਵੰਡੀ ਸਾਬੋ ਸਬ-ਤਹਿਸੀਲ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਤੋਂ ਤਿੰਨ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਾਏ ਹਨ। ਉਨ੍ਹਾਂ ਸਬੂਤਾਂ ਸਮੇਤ ਭੇਜੀ ਸ਼ਿਕਾਇਤ ਵਿੱਚ ਕਿਹਾ ਕਿ 1908 ਤੋਂ ਬਠਿੰਡਾ ਦੀ ਗਊਸ਼ਾਲਾ ਵਿੱਚ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਇਹ ਗਊਸ਼ਾਲਾ ਦਾਨੀ ਸੱਜਣਾਂ ਵੱਲੋਂ ਦਿੱਤੇ ਦਾਨ ਨਾਲ ਚਲਾਇਆ ਜਾ ਰਿਹਾ ਹੈ।
ਸ਼ਿਕਾਇਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਸੇਖੂ ਤਹਿਸੀਲ ਤਲਵੰਡੀ ਸਾਬੋ ਦੀ 6 ਕਨਾਲ 15 ਮਰਲੇ ਜ਼ਮੀਨ ਗਊਸ਼ਾਲਾ ਨੂੰ ਦਾਨ ਕੀਤੀ ਸੀ। 28 ਜਨਵਰੀ 2022 ਨੂੰ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲ ਗਏ ਜਿੱਥੇ ਉਨ੍ਹਾਂ ਦੇ ਨਾਲ ਜਸਵਿੰਦਰ ਗੁਪਤਾ, ਕੈਸ਼ੀਅਰ, ਗਊਸ਼ਾਲਾ, ਬਠਿੰਡਾ, ਸੰਜੇ ਕੁਮਾਰ ਜਿੰਦਲ, ਭਾਗ ਸਿੰਘ ਪੁੱਤਰ ਜੋਗਿੰਦਰ ਚੰਦ ਸੇਖੂ ਵੀ ਸਨ। ਕੁਸ਼ਲਾ ਨੇ ਦੱਸਿਆ ਕਿ ਉਹ ਸਵੇਰੇ ਸਾਢੇ 10 ਵਜੇ ਤਹਿਸੀਲ ਦਫ਼ਤਰ ਪੁੱਜੇ ਸਨ। ਤਿੰਨ ਘੰਟੇ ਸਬ-ਰਜਿਸਟਰਾਰ ਦੀ ਕੋਠੀ ਦੇ ਕੋਲ ਖੜੇ ਰਹੇ। ਵਾਰ-ਵਾਰ ਮੈਸੇਜ ਕਰਨ ‘ਤੇ ਵੀ ਰਜਿਸਟਰੀ ਨਹੀਂ ਹੋਈ। ਲੰਬੇ ਇੰਤਜ਼ਾਰ ਤੋਂ ਬਾਅਦ ਜਦੋਂ ਉਹ ਸਬ-ਰਜਿਸਟਰਾਰ ਕੋਲ ਬੇਨਤੀ ਕਰਨ ਲਈ ਗਏ ਤਾਂ ਉਨ੍ਹਾਂ ਨੇ ਜਾਣ ਦਾ ਇਸ਼ਾਰਾ ਕੀਤਾ। ਢਾਈ ਵਜੇ ਦੇ ਕਰੀਬ ਰਜਿਸਟਰੀ ਲਿਖਣ ਵਾਲੇ ਵਕੀਲ ਦਾ ਮੁਨਸ਼ੀ ਨਾਇਬ ਤਹਿਸੀਲਦਾਰ ਕੋਲ ਗਿਆ ਅਤੇ ਉਸ ਦੇ ਕੰਨ ਵਿੱਚ ਕੁਝ ਕਿਹਾ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਬਾਅਦ ‘ਚ ਰਜਿਸਟਰੀ ਦੇ ਨਾਂ ‘ਤੇ ਤਿੰਨ ਹਜ਼ਾਰ ਰੁਪਏ ਲੈ ਲਏ ਗਏ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਕਤ ਨਾਇਬ ਤਹਿਸੀਲਦਾਰ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਉਸ ਦੀਆਂ ਸਾਰੀਆਂ ਬੇਨਾਮੀ ਜਾਇਦਾਦਾਂ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਧਰ, ਇਸ ਮਾਮਲੇ ਸਬੰਧੀ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੇ ਕਿਹਾ ਕਿ ਕੁਸ਼ਲਾ ਵੱਲੋਂ ਲਗਾਏ ਗਏ ਰਿਸ਼ਵਤ ਲੈਣ ਦੇ ਦੋਸ਼ ਝੂਠੇ ਹਨ। ਉਸ ਨੇ ਇਸ ਤਰ੍ਹਾਂ ਕਦੇ ਕਿਸੇ ਤੋਂ ਰਿਸ਼ਵਤ ਨਹੀਂ ਲਈ। ਇਹ ਵੀ ਦਾਅਵਾ ਕੀਤਾ ਕਿ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਹੁਣ ਸਭ ਦੀਆਂ ਨਜ਼ਰਾਂ ਮੁੱਖ ਮੰਤਰੀ ‘ਤੇ ਟਿਕੀਆਂ ਹੋਈਆਂ ਹਨ। ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮੁਖਮੰਤਰੀ ਵਲੋਂ ਇਸ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਹੀ ਮੁਖਮੰਤਰੀ ਭਗਵੰਤ ਮਾਨ ਨੇ ਇੱਕ ਨੰਬਰ ਜਾਰੀ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸੇ ਕੰਮ ਲਈ ਰਿਸ਼ਵਤ ਮੰਗਦਾ ਹੈ ਤਾਂ 95012-00200 ਨੰਬਰ ‘ਤੇ ਆਡੀਓ ਜਾਂ ਵੀਡੀਓ ਭੇਜੋ।