- ਸੂਬੇ ਦੇ ਘਟਦੇ ਮਾਲੀਏ ਨੂੰ ਮੁੜ ਸੁਰਜੀਤ ਕਰਾਂਗੇ: ਚੀਮਾ
- ਕੈਬਨਿਟ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਸੰਗਰੂਰ ਪੁੱਜਣ ’ਤੇ ਹਰਪਾਲ ਸਿੰਘ ਚੀਮਾ ਨੂੰ ਦਿੱਤਾ ਗਿਆ ‘ਗਾਰਡ ਆਫ਼ ਆਨਰ’
ਸੰਗਰੂਰ, 25 ਮਾਰਚ, 2022: ਪੰਜਾਬ ਦੇ ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂ ਕਰਨ, ਕਰ ਤੇ ਆਬਕਾਰੀ ਅਤੇ ਸਹਿਕਾਰਤਾ ਵਿਭਾਗ ਦੇ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ ਅਤੇ ਬਿਨਾਂ ਕੋਈ ਨਵਾਂ ਟੈਕਸ ਲਗਾਇਆਂ ਪਹਿਲਾਂ ਤੋਂ ਲੱਗ ਰਹੇ ਟੈਕਸਾਂ ਰਾਹੀਂ ਹੀ ਸੂਬੇ ਦੇ ਘਟਦੇ ਮਾਲੀਏ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।
ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਪਹਿਲੀ ਵਾਰ ਸੰਗਰੂਰ ਪੁੱਜੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਪੀ.ਡਬਲਿਊ.ਡੀ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਥੇ ਸੂਬੇ ਵਿੱਚ ਫਜ਼ੂਲ ਖਰਚੀ ਨੂੰ ਰੋਕਿਆ ਜਾਵੇਗਾ ਉਥੇ ਹੀ ਟੈਕਸ ਚੋਰੀ ਨੂੰ ਵੀ ਸਖ਼ਤੀ ਨਾਲ ਠੱਲ ਪਾਈ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚੋਂ ਭਿ੍ਰਸ਼ਟਾਚਾਰ ਦਾ ਮੁਕੰਮਲ ਸਫ਼ਾਇਆ ਕੀਤਾ ਜਾਵੇਗਾ ਅਤੇ ਸਾਰਾ ਪੈਸਾ ਯੋਗ ਪ੍ਰਣਾਲੀ ਰਾਹੀਂ ਲੋਕਾਂ ਦੀ ਭਲਾਈ ਹਿੱਤ ਖਰਚ ਕਰਨ ਲਈ ਸਾਰੀਆਂ ਯੋਜਨਾਵਾਂ ਨੂੰ ਵਧੀਆ ਢੰਗ ਨਾਲ ਲਾਗੂ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਸਰਕਾਰ ਵੱਲੋਂ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਲਈ 37 ਹਜ਼ਾਰ 120 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਤਿੰਨ ਮਹੀਨਿਆਂ ਬਾਅਦ ਅਗਲਾ ਬਜਟ ਪੇਸ਼ ਕੀਤਾ ਜਾਵੇਗਾ ਜਿਸ ਦੀ ਤਿਆਰੀ ਚੱਲ ਰਹੀ ਹੈ। ਉਨਾਂ ਕਿਹਾ ਕਿ ਆਉਣ ਵਾਲਾ ਬਜਟ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰਾ ਉਤਰੇਗਾ ਅਤੇ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ।
ਕੈਬਨਿਟ ਮੰਤਰੀ ਸ. ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਿੰਨੀਆਂ ਵੀ ਗਾਰੰਟੀਆਂ ਦਿੱਤੀਆਂ ਗਈਆਂ ਹਨ, ਉਨਾਂ ਨੂੰ ਸੌ ਫੀਸਦੀ ਪੂਰਾ ਕੀਤਾ ਜਾਵੇਗਾ ਅਤੇ ਇਨਾਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਆਉਂਦੇ ਤਿੰਨ ਮਹੀਨਿਆਂ ਅੰਦਰ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਜਾਣਗੇ।
ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਅੰਤਿਮ ਸਮੇਂ ਵਿੱਚ ਜੋ ਗਰਾਂਟਾਂ ਜਾਰੀ ਕੀਤੀਆਂ ਸਨ ਉਸ ਵਿੱਚ ਵੱਡੀਆਂ ਖਾਮੀਆਂ ਹਨ, ਜਿਸ ਕਰਕੇ ਗ੍ਰਾਂਟਾਂ ਨੂੰ ਰੋਕ ਕੇ ਖਾਮੀਆਂ ਨੂੰ ਦੂਰ ਕਰਕੇ ਸਕੀਮਾਂ ਨੂੰ ਨਵੇਂ ਸਿਰਿਉਂ ਸਹੀ ਢੰਗ ਨਾਲ ਲਾਗੂ ਕਰਕੇ ਪਿੰਡਾਂ ਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਗਰਾਂਟਾਂ ਦਾ ਜ਼ਮੀਨੀ ਪੱਧਰ ਉੱਤੇ ਸਹੀ ਢੰਗ ਨਾਲ ਪ੍ਰਯੋਗ ਕੀਤਾ ਜਾਣਾ ਲਾਜ਼ਮੀ ਬਣਾਇਆ ਜਾਵੇਗਾ।
ਉਨਾਂ ਕਿਹਾ ਕਿ ਪੰਜਾਬ ਵਿੱਚੋਂ ਰੇਤ, ਸ਼ਰਾਬ, ਟਰਾਂਸਪੋਰਟ ਆਦਿ ਦਾ ਮਾਫੀਆ ਖ਼ਤਮ ਕਰਕੇ ਆਮਦਨ ਦੇ ਨਵੇਂ ਸਰੋਤ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰੋਜੈਕਟ ਉਤੇ 500 ਕਰੋੜ ਰੁਪਏ ਖਰਚ ਹੋਣਾ ਸੀ ਉਸ ਉਤੇ ਹਜ਼ਾਰ ਬਾਰਾਂ ਸੌ ਕਰੋੜ ਰੁਪਏ ਖਰਚ ਹੋ ਰਹੇ ਸਨ ਅਤੇ ਓਹੀ ਖਰਚਾ ਹੁਣ 500 ਕਰੋੜ ਰੁਪਏ ਉੱਤੇ ਲਿਆਂਦਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਅਤੇ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਫੈਸਲੇ ਲੈ ਕੇ ਬੇਲੋੜੇ ਖਰਚਿਆਂ ਨੂੰ ਖ਼ਤਮ ਕਰਕੇ ਪੰਜਾਬ ਦਾ ਖਜ਼ਾਨਾ ਭਰਿਆ ਜਾਵੇਗਾ ਅਤੇ ਵਿਕਾਸ ਕਰਵਾਇਆ ਜਾਵੇਗਾ।ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲੀ ਅਪ੍ਰੈਲ ਤੋਂ ਆਰੰਭ ਹੋਣ ਵਾਲੀ ਕਣਕ ਦੀ ਸਮੁੱਚੀ ਖਰੀਦ ਪ੍ਰਕ੍ਰਿਆ ਦੌਰਾਨ ਕਿਸਾਨਾਂ, ਆੜ੍ਹਤੀਆਂ ਸਮੇਤ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।
ਵਿੱਤ ਮੰਤਰੀ ਸ੍ਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਟੈਕਸ, ਐਕਸਾਈਜ਼, ਫਾਇਨਾਂਸ ਆਦਿ ਵਿਭਾਗ ਵੱਖ ਵੱਖ ਮੰਤਰੀਆਂ ਕੋਲ ਹੁੰਦੇ ਸਨ ਅਤੇ ਆਪਸੀ ਤਾਲਮੇਲ ਨਾ ਬੈਠਣ ਕਾਰਨ ਨਾ ਤਾਂ ਸਮੇਂ ਸਿਰ ਮੀਟਿੰਗਾਂ ਹੁੰਦੀਆਂ ਸਨ ਅਤੇ ਨਾ ਹੀ ਸਕੀਮਾਂ ਸਫ਼ਲਤਾ ਨਾਲ ਪ੍ਰਵਾਨ ਚੜਦੀਆਂ ਸਨ ਪਰ ਹੁਣ ਪਹਿਲੀ ਵਾਰ ਹੋਇਆ ਕਿ ਇੱਕ ਮੰਤਰੀ ਨੂੰ ਇਹ ਮਹਿਕਮੇ ਮਿਲੇੇ ਹਨ ਜਿਸ ਨਾਲ ਟੈਕਸ ਦੀ ਕੁਲੈਕਸ਼ਨ, ਕਿਥੋਂ ਰੈਵੇਨਿਊ ਇਕੱਤਰ ਹੋਣਾ ਹੈ, ਐਕਸਾਈਜ਼ ਪਾਲਸੀ ਆਦਿ ਬਾਰੇ ਇੱਕ ਜਗਾ ’ਤੇ ਮੀਟਿੰਗ ਹੋਵੇਗੀ ਜਿਸ ਨਾਲ ਯੋਜਨਾਵਾਂ ਪ੍ਰਭਾਵੀ ਢੰਗ ਨਾਲ ਲਾਗੂ ਕਰਕੇ ਟੈਕਸ ਦੀ ਚੋਰੀ ਨੂੰ ਸਖਤੀ ਨਾਲ ਰੋਕਿਆ ਜਾ ਸਕੇਗਾ। ਉਨਾਂ ਕਿਹਾ ਕਿ ਲੋਕ ਇਮਾਨਦਾਰੀ ਨਾਲ ਟੈਕਸ ਅਦਾ ਕਰਦੇ ਹਨ ਅਤੇ ਜਦੋਂ ਮਾਫ਼ੀਏ ਖਤਮ ਹੋ ਗਏ ਅਤੇ ਖਜਾਨੇ ਨੂੰ ਖੋਰਾ ਲੱਗਣਾ ਖਤਮ ਹੋਣ ਨਾਲ ਖ਼ਜ਼ਾਨਾ ਭਰੇਗਾ ਅਤੇ ਖਜ਼ਾਨੇ ਨੂੰ ਲੋਕਾਂ ਦੀ ਭਲਾਈ ਲਈ ਹੀ ਵਰਤਿਆ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਅਤੇ ਐੱਸ.ਐੱਸ.ਪੀ ਸ਼੍ਰੀ ਸਵਪਨ ਸ਼ਰਮਾ ਵੀ ਉਨਾਂ ਦੇ ਨਾਲ ਸਨ।