ਲਖਨਊ, 25 ਮਾਰਚ 2022 – ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸਹੁੰ ਚੁੱਕ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਰਾਜਧਾਨੀ ਲਖਨਊ ਵਿੱਚ ਇੱਕ ਨਾਮੀ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ ਹੈ। ਇਸ ਬਦਮਾਸ਼ ਦਾ ਨਾਂ ਰਾਹੁਲ ਸਿੰਘ ਹੈ ਅਤੇ ਲਖਨਊ ਪੁਲਸ ਨੇ ਉਸ ਦਾ ਹਸਨਗੰਜ ਇਲਾਕੇ ‘ਚ ਐਨਕਾਊਂਟਰ ਕੀਤਾ। ਰਾਹੁਲ ਸਿੰਘ ‘ਤੇ ਅਲੀਗੰਜ ਜਵੈਲਰਜ਼ ਡਕੈਤੀ ਮਾਮਲੇ ਦਾ ਦੋਸ਼ੀ ਸੀ। ਇਸ ਲੁੱਟ ਦੌਰਾਨ ਉਸ ਨੇ ਇੱਕ ਮੁਲਾਜ਼ਮ ਦਾ ਕਤਲ ਕਰ ਦਿੱਤਾ ਸੀ।
ਪੁਲਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਕ ਲੱਖ ਰੁਪਏ ਇਨਾਮੀ ਰਾਹੁਲ ਸਿੰਘ ਨੂੰ ਲਖਨਊ ਪੁਲਸ ਨੇ ਸ਼ੁੱਕਰਵਾਰ ਸਵੇਰੇ 4 ਵਜੇ ਹਸਨਗੰਜ ਇਲਾਕੇ ‘ਚ ਘੇਰ ਲਿਆ। ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਅਲੀਗੰਜ ਥਾਣਾ ਖੇਤਰ ਦੇ ਬੰਧਾ ਰੋਡ ‘ਤੇ ਹੋਏ ਮੁਕਾਬਲੇ ‘ਚ ਰਾਹੁਲ ਸਿੰਘ ਜ਼ਖਮੀ ਹੋ ਗਿਆ। ਉਸ ਨੂੰ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਮੌਤ ਹੋ ਗਈ ਹੈ।
ਰਾਹੁਲ ਸਿੰਘ ਪਿਛਲੇ ਸਾਲ ਅਲੀਗੰਜ ‘ਚ ਗਹਿਣਿਆਂ ਦੀ ਦੁਕਾਨ ‘ਤੇ ਦਿਨ-ਦਿਹਾੜੇ ਹੋਈ ਲੁੱਟ ਦਾ ਮੁੱਖ ਦੋਸ਼ੀ ਸੀ। ਰਾਹੁਲ ਕੋਲੋਂ ਗਹਿਣਿਆਂ ਦੇ ਸ਼ੋਅਰੂਮ ਤੋਂ ਲੁੱਟੇ ਗਏ ਗਹਿਣੇ ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਪੁਲਿਸ ਨੂੰ ਉਸ ਕੋਲੋਂ ਪਿਸਤੌਲ ਅਤੇ ਕਈ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਫਿਲਹਾਲ ਰਾਹੁਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਉੱਤਰ ਪ੍ਰਦੇਸ਼ ‘ਚ ਯੋਗੀ ਸਰਕਾਰ ਦੀ ਵਾਪਸੀ ਤੋਂ ਬਾਅਦ ਅਪਰਾਧੀਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ ਹੈ। ਰਾਹੁਲ ਸਿੰਘ ਦੂਜਾ ਬਦਮਾਸ਼ ਹੈ, ਜਿਸ ਦਾ ਯੋਗੀ ਸਰਕਾਰ 2.0 ਵਿੱਚ ਐਨਕਾਊਂਟਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਾਰਾਣਸੀ ‘ਚ 2 ਲੱਖ ਦੀ ਇਨਾਮੀ ਰਾਸ਼ੀ ਵਾਲੇ ਅਪਰਾਧੀ ਮਨੀਸ਼ ਸਿੰਘ ਉਰਫ ਸੋਨੂੰ ਸਿੰਘ ਨੂੰ ਦਾ ਪੁਲਸ ਨੇ ਐਨਕਾਊਂਟਰ ਕੀਤਾ ਸੀ। ਉਸ ਖ਼ਿਲਾਫ਼ ਦਰਜਨਾਂ ਕੇਸ ਦਰਜ ਹਨ।