- ਸਾਰੀਆਂ ਲੋੜੀਂਦੀਆਂ ਓਪਚਾਰਿਕਤਾਵਾਂ ਮੁਕੰਮਲ ਹੋਣ ਉਪਰੰਤ ਸਿਟੀਜ਼ਨ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ : ਘਨਸ਼ਿਆਮ ਥੋਰੀ
ਜਲੰਧਰ, 26 ਮਾਰਚ 2022 – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ 21 ਸਾਲ ਤੋਂ ਜਲੰਧਰ ਵਿਖੇ ਰਹਿ ਰਹੇ ਪਾਕਿਸਤਾਨੀ ਪਰਿਵਾਰ, ਜਿਨ੍ਹਾਂ ਵੱਲੋਂ ਭਾਰਤੀ ਨਾਗਰਿਕਤਾ ਲਈ ਅਪਲਾਈ ਕੀਤਾ ਗਿਆ ਸੀ, ਨੂੰ ਰਸਮੀ ਤੌਰ ’ਤੇ ਨਾਗਰਿਕਤਾ ਦੀ ਸਹੁੰ ਚੁਕਾਈ ਗਈ। ਪਰਿਵਾਰ ਨੂੰ ਸਹੁੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੁਕਾਈ ਗਈ, ਜਦਕਿ ਨਾਗਰਿਕਤਾ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਨਾਗਰਿਕਤਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਪਾਲ ਚੰਦ, ਗੁਰਦਿਆਲ ਚੰਦ (ਦੋਵੇਂ ਭਰਾ) ਅਤੇ ਸ਼ੀਲਾ ਵੰਤੀ ਪਤਨੀ ਗੁਰਦਿਆਲ ਚੰਦ ਸਾਲ 2001 ਵਿੱਚ ਸਿਆਲਕੋਟ ਪਾਕਿਸਤਾਨ ਛੱਡ ਕੇ ਆ ਕੇ ਬਸਤੀ ਗੁਜ਼ਾਂ ਜਲੰਧਰ ਵਿਖੇ ਵੱਸ ਗਏ ਸਨ। ਪਰਿਵਾਰ ਵੱਲੋਂ ਭਾਰਤੀ ਨਾਗਰਿਕਤਾ ਲਈ 6 ਮਹੀਨੇ ਪਹਿਲਾਂ Indiancitizenshiponline.nic.in ’ਤੇ ਬਿਨੈ ਕੀਤਾ ਗਿਆ ਸੀ, ਜਿਨ੍ਹਾਂ ਨੂੰ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਅੱਜ ਨਾਗਰਿਕਤਾ ਦੀ ਸਹੁੰ ਚੁਕਾਈ ਗਈ । ਜਦਕਿ ਇਸ ਸਬੰਧੀ ਸਾਰੀਆਂ ਲੋੜੀਂਦੀਆਂ ਓਪਚਾਰਿਕਤਾਵਾਂ ਪੂਰੀਆਂ ਹੋਣ ਤੋਂ ਬਾਅਦ ਨਾਗਰਿਕਤਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਇਸ ਦੌਰਾਨ ਗੋਪਾਲ ਚੰਦ ਨੇ ਸਹੁੰ ਚੁੱਕਣ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਵੱਲੋਂ 2009 ਵਿੱਚ ਭਾਰਤੀ ਨਾਗਰਿਕਤਾ ਲਈ ਦਸਤੀ ਅਰਜ਼ੀ ਦਿੱਤੀ ਗਈ ਸੀ ਅਤੇ 6 ਮਹੀਨੇ ਪਹਿਲਾਂ ਆਨਲਾਈਨ ਬਿਨੈ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਨਾਗਰਿਕਤਾ ਦੀ ਸਹੁੰ ਚੁੱਕੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਗੁਰਦਿਆਲ ਚੰਦ ਅਤੇ ਸ਼ੀਲਾਵੰਤੀ ਵੀ ਮੌਜੂਦ ਸਨ।