ਚਿਤੌੜਗੜ੍ਹ, 26 ਮਾਰਚ 2022 – ਰਾਜਸਥਾਨ ਦੇ ਚਿਤੌੜਗੜ੍ਹ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਨੌਜਵਾਨ ਆਨਲਾਈਨ ਗੇਮਾਂ ਦਾ ਐਨਾ ਆਦੀ ਹੋ ਗਿਆ ਕਿ ਉਸ ਨੂੰ ਰੱਸੀਆਂ ਨਾਲ ਬੰਨ੍ਹਣਾ ਪਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਆਨਲਾਈਨ ਗੇਮ ਫ੍ਰੀ ਫਾਇਰ ਗੇਮ ਖੇਡਦਾ ਰਹਿਣਾ ਸੀ ਉਸ ਤੋਂ ਬਾਅਦ ਉਹ ਹੁਣ ਪਾਗਲਾਂ ਵਾਂਗ ਹਰਕਤਾਂ ਕਰਨ ਲੱਗਾ ਹੈ। ਨੌਜਵਾਨ ਸੜਕ ‘ਤੇ ਵਾਹਨ ਰੋਕ ਕੇ ਹੈਕਰ-ਹੈਕਰ ਚਿਲਾਉਂਦਾ ਰਹਿੰਦਾ ਸੀ। ਉਸ ਦੀਆਂ ਹਰਕਤਾਂ ਨੂੰ ਦੇਖ ਲੋਕਾਂ ਨੇ ਉਸ ਨੂੰ ਰੱਸੀਆਂ ਨਾਲ ਮੰਜੇ ਨਾਲ ਬੰਨ੍ਹ ਦਿੱਤਾ। ਰੱਸੀ ਖੋਲ੍ਹਦੇ ਹੀ ਉਹ ਫਿਰ ਭੱਜ ਜਾਂਦਾ ਹੈ। ਮਾਮਲਾ ਚਿਤੌੜਗੜ੍ਹ ਦੇ ਭਾਦੇਸਰ ਇਲਾਕੇ ਦਾ ਹੈ।
ਦੱਸਿਆ ਜਾ ਰਿਹਾ ਹੈ ਕਿ 22 ਸਾਲਾ ਇਰਫਾਨ ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ ਵਾਪਸ ਆਇਆ ਹੈ। ਉਹ ਘੰਟਿਆਂ ਬੱਧੀ ਮੋਬਾਈਲ ‘ਤੇ ਆਨਲਾਈਨ ਗੇਮ ਖੇਡਦਾ ਰਹਿੰਦਾ ਸੀ। ਵੀਰਵਾਰ ਰਾਤ ਨੂੰ ਗੇਮ ਖੇਡਦੇ ਸਮੇਂ ਅਚਾਨਕ ਉਸਦਾ ਫੋਨ ਸਵਿੱਚ ਆਫ ਹੋ ਗਿਆ। ਇਸ ਤੋਂ ਬਾਅਦ ਉਹ ਪਾਗਲਾਂ ਵਾਂਗ ਹਰਕਤਾਂ ਕਰਨ ਲੱਗਾ। ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਵਾਰ-ਵਾਰ ਹੈਕਰ ਆਇਆ, ਪਾਸਵਰਡ ਬਦਲਣ ਅਤੇ ਆਈਡੀ ਲਾਕ ਵਰਗੀਆਂ ਗੱਲਾਂ ਕਹਿ ਰਿਹਾ ਸੀ।
ਰਾਤ ਭਰ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਮਝਾਇਆ ਪਰ ਨੌਜਵਾਨ ਨਹੀਂ ਮੰਨਿਆ। ਪਰਿਵਾਰ ਦਾ ਕਹਿਣਾ ਹੈ ਕਿ ਸਵੇਰੇ ਉਹ ਹਾਈਵੇਅ ‘ਤੇ ਦੌੜਨ ਲੱਗਾ। ਇੰਨਾ ਹੀ ਨਹੀਂ ਲੋਕਾਂ ਨੂੰ ਰੋਕ ਕੇ ਹੈਕਰਾਂ ਅਤੇ ਆਈ.ਡੀ. ਦੀ ਗੱਲ ਕਰਨ ਲੱਗਾ ਫਿਰ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਰੱਸੀਆਂ ਨਾਲ ਇੱਕ ਮੰਜੇ ‘ਤੇ ਬੰਨ੍ਹ ਦਿੱਤਾ।
ਪਿੰਡ ਬਨਸੇਨ ਦੇ ਲੋਕਾਂ ਦਾ ਕਹਿਣਾ ਹੈ ਕਿ ਮੋਬਾਈਲ ਫੋਨ ਖ਼ਰਾਬ ਹੋਣ ਕਾਰਨ ਨੌਜਵਾਨ ਦੀ ਮਾਨਸਿਕ ਹਾਲਤ ਖ਼ਰਾਬ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਮੋਬਾਈਲ ਉਸ ਦੇ ਹੱਥ ਵਿੱਚ ਸੀ ਪਰ ਉਸ ਨੇ ਲੋਕਾਂ ’ਤੇ ਮੋਬਾਈਲ ਚੋਰੀ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਉਸ ਦਾ ਮੋਬਾਈਲ ਕਿਸੇ ਨੇ ਚੋਰੀ ਕਰ ਲਿਆ ਹੈ। ਇੰਨਾ ਹੀ ਨਹੀਂ ਉਹ ਹੋਰ ਵੀ ਅਜੀਬੋ-ਗਰੀਬ ਗੱਲਾਂ ਕਰ ਰਿਹਾ ਸੀ।