ਨਵੀਂ ਦਿੱਲੀ, 27 ਮਾਰਚ 2022 – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਨ੍ਹੀਂ ਦਿਨੀਂ ਬੇਹੱਦ ਮੁਸ਼ਕਲ ਦੌਰ ‘ਚੋਂ ਗੁਜ਼ਰ ਰਹੇ ਹਨ। ਵਿਰੋਧੀ ਧਿਰ 28 ਮਾਰਚ ਨੂੰ ਇਮਰਾਨ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਏਗੀ। ਬੇਭਰੋਸਗੀ ਮਤੇ ਤੋਂ ਪਹਿਲਾਂ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਜ਼ੋਰਦਾਰ ਪ੍ਰਦਰਸ਼ਨ ਕਾਰਨ ਰਾਜਧਾਨੀ ਇਸਲਾਮਾਬਾਦ ਛਾਉਣੀ ਵਿਚ ਤਬਦੀਲ ਹੋ ਗਿਆ ਹੈ। ਰੈੱਡ ਜ਼ੋਨ ਘੋਸ਼ਿਤ ਕਰਦੇ ਹੋਏ ਵੱਡੀ ਗਿਣਤੀ ‘ਚ ਪੁਲਸ ਅਤੇ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀਡੀਐਮ) ਦੇ ਬੈਨਰ ਹੇਠ ਪੀਐਮਐਲ (ਐਨ) (ਪਾਕਿਸਤਾਨ ਮੁਸਲਿਮ ਲੀਗ (ਨਵਾਜ਼), ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਜਮੀਅਤ ਉਲੇਮਾ-ਏ-ਇਸਲਾਮ (ਜੇਯੂਆਈ-ਐਫ) ਦੇ ਹਜ਼ਾਰਾਂ ਕਾਰਕੁਨ ਇਸਲਾਮਾਬਾਦ ਪਹੁੰਚ ਗਏ ਹਨ। ਜੇਯੂਆਈ-ਐੱਫ ਦੇ ਨੇਤਾ ਗਫੂਰ ਹੈਦਰੀ ਨੇ ਕਿਹਾ ਕਿ ਸਾਡਾ ਹੋਮਵਰਕ ਪੂਰਾ ਹੋ ਗਿਆ ਹੈ। ਹੁਣ ਕਠਪੁਤਲੀ ਸਰਕਾਰ ਜਾਣੀ ਤੈਅ ਹੈ। ਮਰੀਅਮ ਨਵਾਜ਼ ਦੀ ਅਗਵਾਈ ‘ਚ ਲਾਹੌਰ ਤੋਂ ਹਜ਼ਾਰਾਂ ਵਰਕਰ ਰਵਾਨਾ ਹੋ ਗਏ ਹਨ।
ਦੂਜੇ ਪਾਸੇ ਸੱਤਾਧਾਰੀ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਕਾਰਕੁਨ ਵੀ ਐਤਵਾਰ ਦੀ ਰੈਲੀ ਲਈ ਇਸਲਾਮਾਬਾਦ ਪਹੁੰਚ ਗਏ ਹਨ। ਸਿਆਸੀ ਵਿਸ਼ਲੇਸ਼ਕ ਰਾਣਾ ਤਾਰਿਕ ਨੇ ਖਦਸ਼ਾ ਜ਼ਾਹਰ ਕੀਤਾ ਕਿ ਪ੍ਰਦਰਸ਼ਨਾਂ ਕਾਰਨ ਵਰਕਰਾਂ ਵਿੱਚ ਝੜਪ ਹੋ ਸਕਦੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੰਜਾਬ ਦੇ ਕਮਾਲੀਆ ਵਿੱਚ ਇੱਕ ਰੈਲੀ ਵਿੱਚ ਨਵਾਜ਼ ਸ਼ਰੀਫ਼ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੁਪਤ ਮੀਟਿੰਗਾਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮੈਂ ਸੱਤਾ ਖੁੱਸਣ ਤੋਂ ਨਹੀਂ ਡਰਦਾ, ਵਿਰੋਧੀ ਧਿਰ ਨੂੰ ਬੇਨਕਾਬ ਕਰਾਂਗਾ।
ਅਗਸਤ 2018 ਵਿੱਚ ਇਮਰਾਨ ਖਾਨ ਦੇ ਸੱਤਾ ਸੰਭਾਲਣ ਤੋਂ ਬਾਅਦ, ਪਾਕਿਸਤਾਨ ਦਾ ਬਾਹਰੀ ਕਰਜ਼ਾ 2.66 ਲੱਖ ਕਰੋੜ ਤੋਂ ਢਾਈ ਗੁਣਾ ਵਧ ਕੇ 6.47 ਲੱਖ ਕਰੋੜ ਹੋ ਗਿਆ। ਦੱਖਣੀ ਏਸ਼ੀਆ ਪੀਸ ਰਿਪੋਰਟ ਦੇ ਅਨੁਸਾਰ, 2018 ਵਿੱਚ 106 ਅੱਤਵਾਦੀ ਘਟਨਾਵਾਂ ਵਧ ਕੇ 2021 ਵਿੱਚ 325 ਹੋ ਗਈਆਂ। ਜਿਨ੍ਹਾਂ ਕੱਟੜਪੰਥੀਆਂ ਨੂੰ ਇਮਰਾਨ ਨੇ ਸ਼ੁਰੂ ਵਿਚ ਸਮਰਥਨ ਦਿੱਤਾ ਸੀ, ਉਹ ਉਸ ਦੇ ਖਿਲਾਫ ਆ ਗਏ ਹਨ।
ਇਮਰਾਨ ਸਰਕਾਰ ਨੇ 2019 ਤੋਂ ਅੱਤਵਾਦੀਆਂ ਨਾਲ ਸਮਝੌਤੇ ਕੀਤੇ ਸਨ। ਇਸ ਵਿੱਚ ਸਭ ਤੋਂ ਬਦਨਾਮ ਤਹਿਰੀਕ-ਏ-ਤਾਲਿਬਾਨ ਨੇ ਅਕਤੂਬਰ 2021 ਵਿੱਚ ਪਾਕਿ ਸਰਕਾਰ ਨਾਲ ਇੱਕ ਗੁਪਤ ਸਮਝੌਤਾ ਕੀਤਾ ਸੀ, ਪਰ ਤਹਿਰੀਕ-ਏ-ਤਾਲਿਬਾਨ ਨੇ ਨਵੰਬਰ 2021 ਵਿੱਚ ਹਮਲਾ ਕਰਕੇ 12 ਪਾਕਿਸਤਾਨੀ ਸੈਨਿਕਾਂ ਨੂੰ ਮਾਰ ਦਿੱਤਾ ਸੀ।
2018 ਵਿੱਚ, ਪਾਕਿਸਤਾਨੀ ਰੁਪਿਆ ਡਾਲਰ ਦੇ ਮੁਕਾਬਲੇ 123 ‘ਤੇ ਖੜ੍ਹਾ ਸੀ, ਜੋ ਫਰਵਰੀ 2022 ਵਿੱਚ ਵਧ ਕੇ 177 ਹੋ ਗਿਆ। ਪਾਕਿਸਤਾਨੀ ਰੁਪਏ ਦੀ ਗਿਰਾਵਟ ਕਾਰਨ ਮਹਿੰਗਾਈ ਬਹੁਤ ਵਧ ਗਈ ਹੈ। 2018 ਵਿੱਚ, ਪਾਕਿਸਤਾਨ ਵਿੱਚ 125 ਰੁਪਏ ਪ੍ਰਤੀ ਕਿਲੋਗ੍ਰਾਮ ਖਾਣ ਵਾਲਾ ਤੇਲ ਹੁਣ ਲਗਭਗ 550 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ।
ਇਮਰਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਾਂਗ ਹੀ ਸੀਪੀਏਸੀ ਅਤੇ ਹੋਰ ਪ੍ਰੋਜੈਕਟਾਂ ਲਈ ਚੀਨ ਤੋਂ ਕਰਜ਼ਾ ਲਿਆ ਸੀ। ਫਿਲਹਾਲ ਪਾਕਿਸਤਾਨ ‘ਤੇ ਚੀਨ ਦਾ ਕਰਜ਼ਾ ਵਧ ਕੇ ਕਰੀਬ 1.37 ਲੱਖ ਕਰੋੜ ਰੁਪਏ ਹੋ ਗਿਆ ਹੈ। 2018 ਵਿੱਚ ਇਹ 86 ਹਜ਼ਾਰ ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਆਪਣੇ ਕਈ ਉੱਤਰ-ਪੂਰਬੀ ਖੇਤਰ ਚੀਨ ਨੂੰ ਲੀਜ਼ ‘ਤੇ ਦੇਣੇ ਹਨ।
ਇਮਰਾਨ ਸਰਕਾਰ ਦੇ ਕਾਰਜਕਾਲ ‘ਚ ਪਾਕਿਸਤਾਨ ‘ਚ ਬੇਰੁਜ਼ਗਾਰੀ ਦੀ ਦਰ 2.5 ਫੀਸਦੀ ਵਧੀ ਹੈ। ਹੁਣ ਪਾਕਿਸਤਾਨ ਵਿੱਚ ਬੇਰੁਜ਼ਗਾਰੀ ਦੀ ਦਰ 4.65 ਫੀਸਦੀ ਹੈ। ਇਮਰਾਨ ਨੇ ਇਕ ਕਰੋੜ ਲੋਕਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਪਾਕਿਸਤਾਨ ਸਰਕਾਰ ਦੀ ਵੈੱਬਸਾਈਟ ਮੁਤਾਬਕ ਹੁਣ ਤੱਕ ਸਿਰਫ਼ 50 ਹਜ਼ਾਰ ਨੂੰ ਹੀ ਸਰਕਾਰੀ ਨੌਕਰੀ ਦਿੱਤੀ ਗਈ ਹੈ।