ਪਟਿਆਲਾ, 27 ਮਾਰਚ 2022 – ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਬੀਤੇ 25 ਮਾਰਚ ਨੂੰ ਪਟਿਆਲਾ ਦੀ ਜੇਲ੍ਹ ‘ਚ ਕੀਤੀ ਅਚਨਚੇਤ ਛਾਪੇਮਾਰੀ ਤੋਂ ਬਾਅਦ 26 ਮਾਰਚ ਨੂੰ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਸੁੱਚਾ ਸਿੰਘ ਨੂੰ ਨਵਾਂ ਜੇਲ੍ਹ ਸੁਪਰਡੈਂਟ ਲਗਾਇਆ ਗਿਆ ਹੈ।
ਜੇਲ੍ਹ ਸੁਪਰਡੈਂਟ ‘ਤੇ ਨਸ਼ੇ ਦੇ ਮਾਮਲੇ ‘ਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਦਾ ਦੋਸ਼ ਹੈ।
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜੇਕਰ ਕਿਸੇ ਜੇਲ੍ਹ ਵਿੱਚ ਨਸ਼ਾ ਜਾਂ ਮੋਬਾਈਲ ਮਿਲਦਾ ਹੈ ਤਾਂ ਜੇਲ੍ਹਰ ਯਾਨੀ ਜੇਲ੍ਹ ਸੁਪਰਡੈਂਟ ਜ਼ਿੰਮੇਵਾਰ ਹੋਵੇਗਾ। ਹੁਣ ਤੱਕ ਹੇਠਲੇ ਪੱਧਰ ਦੇ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਕਾਰਵਾਈ ਕੀਤੀ ਜਾਂਦੀ ਸੀ। ਬੈਂਸ ਨੇ ਸਾਰੀਆਂ ਜੇਲ੍ਹਾਂ ਨੂੰ ਸੈਨੇਟਾਈਜ਼ ਕਰਨ ਦੇ ਹੁਕਮ ਦਿੱਤੇ ਹਨ।
ਬਿਕਰਮ ਮਜੀਠੀਆ ਖਿਲਾਫ ਦਰਜ ਡਰੱਗ ਮਾਮਲੇ ‘ਚ ‘ਆਪ’ ਸਰਕਾਰ ਦੀ ਦਿਲਚਸਪੀ ਦਿਖਾਈ ਦੇ ਰਹੀ ਹੈ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਕੁਝ ਦਿਨ ਬਾਅਦ ਹੀ ਇਸ ਡਰੱਗਜ਼ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਵੀ ਬਦਲ ਦਿੱਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ‘ਆਪ’ ਸਰਕਾਰ ਇਸ ਮਾਮਲੇ ਨੂੰ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।