ਚੰਡੀਗੜ੍ਹ, 29 ਮਾਰਚ 2022 – ਪੰਜਾਬ Export ਦੇ ਮਾਮਲੇ ‘ਚ ਦੇਸ਼ ‘ਚ 8ਵੇਂ ਨੰਬਰ ‘ਤੇ ਆਇਆ ਹੈ। ਇਸ ਗੱਲ ਦਾ ਖੁਲਾਸਾ ਨੀਤੀ ਆਯੋਗ ਦੀ ਈਪੀਆਈ (ਨਿਰਯਾਤ ਤਿਆਰੀ ਸੂਚਕਾਂਕ) ਰਿਪੋਰਟ ਵਿੱਚ ਹੋਇਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇਸ਼ ‘ਚ 18ਵੇਂ ਨੰਬਰ ‘ਤੇ ਸੀ। ਨੀਤੀ ਆਯੋਗ ਦੀ ਈਪੀਆਈ (ਨਿਰਯਾਤ ਤਿਆਰੀ ਸੂਚਕਾਂਕ) ਰਿਪੋਰਟ ਵਿੱਚ, ਪੰਜਾਬ ਇਸ ਵਾਰ ਨਿਰਯਾਤ ਵਿੱਚ 10 ਸਥਾਨਾਂ ਦੀ ਛਾਲ ਮਾਰ ਗਿਆ ਹੈ। ਲੈਂਡਲਾਕਡ ਰਾਜਾਂ (ਜੋ ਬੰਦਰਗਾਹ ਨਾਲ ਨਹੀਂ ਜੁੜੇ) ਦੀ ਸੂਚੀ ਵਿੱਚ 8ਵੇਂ ਤੋਂ ਚੌਥੇ ਸਥਾਨ ‘ਤੇ ਆ ਗਿਆ ਹੈ। ਪਿਛਲੇ ਸਾਲ, ਪੰਜਾਬ ਨੇ ਮੌਜੂਦਾ ਵਿੱਤੀ ਸਾਲ ਦੇ ਦਸੰਬਰ 2021 ਤੱਕ ਹੀ ਹੌਜ਼ਰੀ, ਟੈਕਸਟਾਈਲ, ਆਟੋ ਪਾਰਟਸ, ਲੋਹਾ-ਸਟੀਲ ਦੀਆਂ ਵਸਤੂਆਂ, ਖੇਡਾਂ ਦੇ ਸਮਾਨ ਅਤੇ ਖੇਤੀਬਾੜੀ ਵਿੱਚ ਚਾਵਲ ਅਤੇ ਕਪਾਹ ਜਿੰਨਾ Export ਕਰ ਲਿਆ ਸੀ।
ਜੇਕਰ ਜਨਵਰੀ 2022 ਦੇ ਮਹੀਨੇ ਨੂੰ ਸ਼ਾਮਲ ਕੀਤਾ ਜਾਵੇ ਤਾਂ ਸੂਬੇ ਨੇ ਪਿਛਲੇ ਸਾਲ ਨਾਲੋਂ 3752.48 ਕਰੋੜ ਰੁਪਏ ਤੋਂ ਵੱਧ ਦੀ ਬਰਾਮਦ ਕੀਤੀ ਹੈ। ਫਰਵਰੀ ਅਤੇ ਮਾਰਚ ਦੇ ਵਿੱਤੀ ਸਾਲਾਂ ਦੇ ਅੰਕੜੇ ਇਸ ਵਿੱਚ ਸ਼ਾਮਲ ਕੀਤੇ ਜਾਣੇ ਬਾਕੀ ਹਨ। ਨਿਰਯਾਤ ਵਿਭਾਗ ਨੇ 31 ਮਾਰਚ, 2022 ਤੱਕ ਇਹ ਅੰਕੜਾ 60 ਹਜ਼ਾਰ ਕਰੋੜ ਰੁਪਏ ਤੱਕ ਪਾਰ ਕਰਨ ਦੀ ਸੰਭਾਵਨਾ ਜਤਾਈ ਹੈ, ਜੋ ਕਿ ਸੂਬੇ ਦੀ ਬਰਾਮਦ ਵਿੱਚ ਇੱਕ ਰਿਕਾਰਡ ਹੋਵੇਗਾ। ਹੁਣ ਤੱਕ ਸੂਬੇ ਦਾ ਨਿਰਯਾਤ 40 ਹਜ਼ਾਰ ਕਰੋੜ ਰੁਪਏ ਦੇ ਕਰੀਬ ਹੀ ਰਿਹਾ ਹੈ।
ਪਹਿਲੇ 8 ਰੈਂਕਿੰਗ ਵਾਲੇ ਰਾਜਾਂ ਵਿੱਚੋਂ ਪੰਜਾਬ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਗੁਜਰਾਤ-ਮਹਾਰਾਸ਼ਟਰ ਨੇ ਪਹਿਲਾ ਅਤੇ ਦੂਜਾ ਸਥਾਨ ਬਰਕਰਾਰ ਰੱਖਿਆ ਹੈ, ਕਰਨਾਟਕ 9ਵੇਂ ਤੋਂ ਤੀਜੇ ਸਥਾਨ ‘ਤੇ ਆ ਗਿਆ ਹੈ ਜਦਕਿ ਤਾਮਿਲਨਾਡੂ 4ਵੇਂ ਸਥਾਨ ‘ਤੇ ਖਿਸਕ ਗਿਆ ਹੈ। ਹਰਿਆਣਾ 7 ਤੋਂ 5ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਉੱਤਰ ਪ੍ਰਦੇਸ਼ 11ਵੇਂ ਤੋਂ 6ਵੇਂ ਅਤੇ ਐਮਪੀ 12ਵੇਂ ਤੋਂ 7ਵੇਂ ਸਥਾਨ ‘ਤੇ ਆ ਗਿਆ ਹੈ। ਦੂਜੇ ਪਾਸੇ ਪੰਜਾਬ 18ਵੇਂ ਤੋਂ ਸਿੱਧੇ 8ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਚੰਡੀਗੜ੍ਹ 24ਵੇਂ ਸਥਾਨ ‘ਤੇ ਹੈ ਜਦਕਿ ਪਹਿਲਾਂ ਇਹ 27ਵੇਂ ਸਥਾਨ ‘ਤੇ ਸੀ।
ਪੰਜਾਬ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਹਾਲੀ ਦਾ ਸਭ ਤੋਂ ਵੱਧ ਯੋਗਦਾਨ ਹੈ। ਮਾਲਵਾ ਖੇਤੀ ਵਿੱਚ ਕਪਾਹ ਅਤੇ ਝੋਨੇ ਦੀ ਬਰਾਮਦ ਵਿੱਚ ਮੋਹਰੀ ਸੀ। ਹੌਜ਼ਰੀ, ਟੈਕਸਟਾਈਲ, ਆਟੋ ਪਾਰਟਸ, ਲੋਹਾ ਅਤੇ ਸਟੀਲ ਉਤਪਾਦ, ਖੇਡਾਂ ਦਾ ਸਮਾਨ, ਚਾਵਲ ਅਤੇ ਕਪਾਹ ਦੀ ਬਰਾਮਦ ਵਧੀ ਹੈ। ਸਾਰੇ ਸੈਕਟਰਾਂ ਵਿੱਚ 20 ਤੋਂ 30% ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਪੱਧਰ ‘ਤੇ, ਕੋਵਿਡ ਅਤੇ ਯੂਕਰੇਨ-ਰੂਸ ਯੁੱਧ ਤੋਂ ਬਾਅਦ ਚੀਨ ਤੋਂ ਘੱਟ ਦਰਾਮਦ – ਸਭ ਦਾ ਸਕਾਰਾਤਮਕ ਪ੍ਰਭਾਵ ਪਿਆ ਹੈ। ਯੂਕਰੇਨ ਜੰਗ ਕਾਰਨ ਸਭ ਤੋਂ ਵੱਧ ਪੁੱਛਗਿੱਛ ਕਣਕ ਲਈ ਆ ਰਹੀ ਹੈ।