ਅੰਮ੍ਰਿਤਸਰ, 3 ਅਪ੍ਰੈਲ 2022 – ਅੰਮ੍ਰਿਤਸਰ ਦੇ ਪਿੰਡ ਭੰਗੋਈ ‘ਚ ਇੱਕ 9 ਸਾਲ ਦੇ ਮਾਸੂਮ ‘ਤੇ ਕੁੱਤਿਆਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਅਸਲ ‘ਚ 9 ਸਾਲਾ ਮਾਸੂਮ ਅਰਸ਼ ਰਾਤ ਨੂੰ ਖੇਤਾਂ ਵਿੱਚੋਂ ਲੰਘ ਰਿਹਾ ਸੀ ਕੇ ਪਿੰਡ ਦੇ ਬਾਹਰ ਖੇਤਾਂ ‘ਚ ਬੈਠੇ 5-6 ਕੁੱਤਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਅਤੇ ਉਸ ਨੂੰ ਦੂਰ ਖੇਤਾਂ ਵਿੱਚ ਘਸੀਟ ਕੇ ਲੈ ਗਏ। ਜਦੋਂ ਉਸ ਦੀਆਂ ਚੀਕਾਂ ਮਾਂ ਦੇ ਕੰਨਾਂ ਵਿਚ ਪਈਆਂ ਤਾਂ ਉਸ ਨੇ ਦੌੜ ਕੇ ਅਰਸ਼ ਨੂੰ ਕੁੱਤਿਆਂ ਤੋਂ ਬਚਾਇਆ।
ਅਰਸ਼ ਦੇ ਸਰੀਰ ਦਾ ਇੱਕ ਵੀ ਹਿੱਸਾ ਅਜਿਹਾ ਨਹੀਂ ਬਚਿਆ ਜਿੱਥੇ ਕੁੱਤਿਆਂ ਨੇ ਨਾ ਨੋਚਿਆ ਹੋਵੇ। ਮਿਲੀ ਜਾਣਕਾਰੀਆਂ ਅਨੁਸਾਰ ਜਦੋਂ ਅਰਸ਼ ਨੂੰ ਕੁੱਤਿਆਂ ਦੇ ਚੁੰਗਲ ‘ਚੋਂ ਛੁਡਾਇਆ ਗਿਆ ਤਾਂ ਉਸ ਦੇ ਸਰੀਰ ‘ਤੇ ਇਕ ਵੀ ਕੱਪੜਾ ਨਹੀਂ ਬਚਿਆ। ਕੁੱਤਿਆਂ ਨੇ ਕੱਪੜੇ ਖਿੱਚ-ਖਿੱਚ ਕੇ ਪਾੜ ਦਿੱਤੇ ਸਨ। ਜ਼ਖਮੀ ਹਾਲਤ ‘ਚ ਅਰਸ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਿਆਂਦਾ ਗਿਆ ਸੀ, ਜਿਸ ਕੱਪੜੇ ਵਿੱਚ ਉਸ ਨੂੰ ਲਪੇਟਿਆ ਹੋਇਆ ਸੀ ਉਹ ਵੀ ਖੂਨ ਨਾਲ ਲੱਥਪੱਥ ਹੋ ਗਿਆ ਸੀ।
ਸਰਜਨ ਡਾ: ਰਾਕੇਸ਼ ਸ਼ਰਮਾ ਦਾ ਕਹਿਣਾ ਹੈ ਕਿ ਬੱਚੇ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ, ਪਰ ਜ਼ਖ਼ਮ ਭਰਨ ‘ਚ ਕੁਝ ਸਮਾਂ ਲੱਗੇਗਾ |