ਚੰਡੀਗੜ੍ਹ 7 ਅਪ੍ਰੈਲ 2022 – ਪੰਜਾਬ ਦੇ ਮੁਖਮੰਤਰੀ ਭਗਵੰਤ ਮਾਨ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨੂੰ ਲੈ ਕੇ ਘਿਰ ਗਏ ਹਨ। ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਪੰਜਾਬ ਸਰਕਾਰ ਦਾ ਹੈਲੀਕਾਪਟਰ ਉਨ੍ਹਾਂ ਦੇ ਪਿੱਛੇ ਹੈ। ਇਸ ਨੂੰ ਲੈ ਕੇ ਭਾਜਪਾ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਬੋਲਿਆ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੱਲ੍ਹ ਤੱਕ ਭਗਵੰਤ ਮਾਨ ਕਹਿੰਦੇ ਸਨ ਕਿ ਮੁਖਮੰਤਰੀ ਚਰਨਜੀਤ ਚੰਨੀ ਹੈਲੀਕਾਪਟਰ ਤੋਂ ਹੇਠਾਂ ਨਹੀਂ ਉਤਰਦੇ। ਉਹ ਪੰਜਾਬ ਸਰਕਾਰ ਦੇ ਪੈਸੇ ‘ਤੇ ਥਾਂ-ਥਾਂ ਘੁੰਮ ਰਹੇ ਹਨ। ਅੱਜ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਪਾਰਟੀ ਪ੍ਰਚਾਰ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰਕੇ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ 11 ਦਿਨਾਂ ਵਿੱਚ ਸਿਰਫ਼ ਇੱਕ ਵਾਰ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ‘ਆਪ’ ਨੇ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਕਿ ਬਾਕੀ ਆਗੂਆਂ ਵਾਂਗ ਭਗਵੰਤ ਮਾਨ ਹਵਾ ‘ਚ ਨਹੀਂ, ਜ਼ਮੀਨ ‘ਤੇ ਲੋਕਾਂ ਨਾਲ ਰਹਿੰਦੇ ਹਨ।
ਕਾਂਗਰਸ ਸਰਕਾਰ ‘ਚ 111 ਦਿਨ ਮੁੱਖ ਮੰਤਰੀ ਰਹੇ ਚਰਨਜੀਤ ਚੰਨੀ ਹਵਾਈ ਸਫਰ ਨੂੰ ਲੈ ਕੇ ਕਾਫੀ ਚਰਚਾ ‘ਚ ਆਏ ਸਨ। ਉਸ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ 72 ਦਿਨਾਂ ਵਿੱਚ 201 ਵਾਰ ਹੈਲੀਕਾਪਟਰ ਵਿੱਚ ਸਫ਼ਰ ਕੀਤਾ। ਜ਼ਿਆਦਾਤਰ ਉਡਾਣਾਂ 10 ਤੋਂ 15 ਮਿੰਟ ਦੀਆਂ ਸਨ। ਲੁਧਿਆਣੇ ਦੇ ਅੰਦਰ ਉਹ ਦੋ ਵਾਰ ਉੱਡੇ।
ਇਸ ਤੋਂ ਪਹਿਲਾਂ ਸਾਬਕਾ ਮੁਖਮੰਤਰੀ ਚਰਨਜੀਤ ਚੰਨੀ ਵੀ ਚਾਰਟਰਡ ਜਹਾਜ਼ ਨੂੰ ਲੈ ਕੇ ਵਿਵਾਦਾਂ ਵਿੱਚ ਆ ਚੁੱਕੇ ਹਨ। ਫਿਰ ਸੀਐਮ ਬਣਨ ਤੋਂ ਬਾਅਦ ਚੰਨੀ ਦਿੱਲੀ ਚਲੇ ਗਏ। ਨਵਜੋਤ ਸਿੱਧੂ ਨਾਲ ਉਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਸੀ, ਜਿਸ ‘ਚ ਉਹ ਚਾਰਟਰਡ ਜਹਾਜ਼ ਦੇ ਸਾਹਮਣੇ ਖੜ੍ਹੇ ਹਨ।