ਅੰਮ੍ਰਿਤਸਰ, 9 ਅਪ੍ਰੈਲ 2022 – ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਹਥਿਆਰਾਂ ਦੀ ਵੱਡੀ ਖੇਪ ਸਮੇਤ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ, ਜਿਨ੍ਹਾਂ ‘ਚ 4 ਗੈਂਗਸਟਰ ਵੀ ਸ਼ਾਮਿਲ ਹਨ। ਇਹ ਖ਼ੁਲਾਸਾ ਐੱਸ.ਪੀ. (ਡੀ) ਮਨੋਜ ਠਾਕੁਰ ਵਲੋਂ ਅੱਜ ਇੱਥੇ ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ।
ਅੰਮ੍ਰਿਤਸਰ ਦਿਹਾਤੀ ਦੀ ਪੁਲਸ ਵੱਲੋਂ ਇਹਨਾਂ ਕੋਲੋਂ 6 ਪਿਸਟਲ 32 ਬੋਰ, 4 ਰਾਈਫਲ 315 ਬੋਰ, 2 ਰਾਈਫਲ 12 ਬੋਰ, ਇੱਕ ਪਿਸਤੌਲ 30 ਬੋਰ ਇੱਕ ਸਪਰਿੰਗਫੀਲਡ ਰਾਈਫਲ ਜਿੰਦਾ ਰੋਂਦ ਕਾਰਤੂਸ ਆਰਮਡ ਵੀ ਕੀਤੇ ਗਏ ਹਨ।
ਇਸ ਮੌਕੇ ਅੰਮ੍ਰਿਤਸਰ ਪੁਲੀਸ ਦਿਹਾਤੀ ਦੇ ਐੱਸ ਪੀ ਡੀ ਮਨੋਜ ਠਾਕੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਬਿਆਸ ਨਜ਼ਦੀਕ ਜੀਟੀ ਰੋਡ ਤੇ ਕਲਾਨੌਰੀ ਢਾਬੇ ਦੇ ਵਿਚ ਕੁਝ ਸ਼ੱਕੀ ਵਿਅਕਤੀ ਹਥਿਆਰਾਂ ਨਾਲ ਲੈਸ ਹੋਏ ਬੈਠੇ ਹਨ ਜਿਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰੇ ਇਨ੍ਹਾਂ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਵੀ ਬਰਾਮਦ ਹੋਇਆ।
ਇਸ ਦੇ ਨਾਲ ਹੀ ਪੁਲੀਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 16 ਵਿਅਕਤੀਆਂ ਦੀ ਪਛਾਣ ਵੀ ਹੋ ਚੁੱਕੀ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ ਦੇ ਰਹਿਣ ਵਾਲੇ ਹਨ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਕੁਝ ਵਿਅਕਤੀਆਂ ਦੇ ਸੰਬੰਧ ਗੈਂਗਸਟਰਾਂ ਨਾਲ ਵੀ ਹਨ ਅਤੇ ਬਹੁਤ ਸਾਰੇ ਵਿਅਕਤੀਆਂ ਦੇ ਉੱਤੇ ਮਾਮਲੇ ਵੀ ਦਰਜ ਹਨ। ਪੁਲਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ।
ਪੁਲਸ ਵੱਲੋਂ ਬੜੀ ਹੀ ਮੁਸ਼ਤੈਦੀ ਦੇ ਨਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਜਦੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲੱਗੇ ਤਾਂ ਇਹ ਪੁਲਸ ਨੂੰ ਚਕਮਾ ਦੇ ਕੇ ਭੱਜਣ ਦੀ ਵੀ ਕੋਸ਼ਿਸ਼ ਕਰ ਰਹੇ ਸਨ। ਪਰ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਹੁਣ ਇਨ੍ਹਾਂ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ ਪੀ ਡੀ ਮਨੋਜ ਠਾਕੁਰ ਦੇ ਮੁਤਾਬਕ ਇਨ੍ਹਾਂ ਵਿਅਕਤੀਆਂ ਕੋਲੋਂ ਕਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।