ਚੰਡੀਗੜ੍ਹ, 10 ਅਪ੍ਰੈਲ 2022 – ਕਾਂਗਰਸ ਹਾਈਕਮਾਂਡ ਨੇ ਸ਼ਨੀਵਾਰ ਰਾਤ ਨੂੰ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੌਂਪ ਦਿੱਤੀ ਹੈ। ਸਿੱਧੂ ਦੀ ਪ੍ਰਧਾਨਗੀ ‘ਚ ਲੜੀਆਂ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਹੋਈ ਹੈ। ਪਾਰਟੀ ‘ਚ ਏਕਤਾ ਦੀ ਘਾਟ ਅਤੇ ਪਾਰਟੀ ਆਗੂਆਂ ਖਿਲਾਫ ਆਪਣੀ ਹੀ ਬਿਆਨਬਾਜ਼ੀ ਵੀ ਸਿੱਧੂ ਨੂੰ ਮਹਿੰਗੀ ਪਈ ਹੈ।
ਸਿੱਧੂ ਆਪਣੇ ਬੇਬਾਕ ਬੋਲਾਂ ਲਈ ਜਾਣੇ ਜਾਂਦੇ ਹਨ। ਜਦੋਂ ਉਹ ਕਿਸੇ ‘ਤੇ ਕੋਈ ਤੰਜ ਕਰਦੇ ਸਨ ਤਾਂ ਨਾ ਤਾਂ ਉਹ ਪਾਰਟੀ ਦੇਖਦੇ ਸਨ ਅਤੇ ਨਾ ਹੀ ਉਸ ਬਿਆਨ ਦੇ ਪ੍ਰਭਾਵ ਬਾਰੇ ਸੋਚਦੇ ਸਨ। ਇੱਥੋਂ ਤੱਕ ਕਿ ਉਹ ਆਪਣੀ ਪਾਰਟੀ ਦੇ ਮੁੱਖ ਮੰਤਰੀ, ਸੀਨਅਰ ਲੀਡਰਾਂ ਅਤੇ ਹਾਈ ਕਮਾਂਡ ‘ਤੇ ਵੀ ਕਈ ਵਾਰ ਵਿਅੰਗ ਕਰ ਦਿੰਦੇ ਸਨ। ਇਸੇ ਗੱਲ ਦਾ ਖਾਮਿਆਜਾ ਸਿੱਧੂ ਨੂੰ ਭੁਗਤਣਾ ਪਿਆ ਹੈ, ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਦੀ ਸੀਟ ਗਈ, ਫਿਰ ਚੋਣਾਂ ‘ਚ ਹਾਰ ਮਿਲੀ ਅਤੇ ਅਖੀਰ ਹੁਣ ਪ੍ਰਧਾਨਗੀ ਵੀ ਹੱਥੋਂ ਚਲੀ ਗਈ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ 7 ਮਹੀਨੇ ਅਤੇ 26 ਦਿਨਾਂ ਦੇ ਕਾਰਜਕਾਲ ਦੌਰਾਨ ਕਾਂਗਰਸੀਆਂ ਨੂੰ ਇਕਜੁੱਟ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੇ। ਇਸ ਦੇ ਨਾਲ ਹੀ ਪਾਰਟੀ ਵਿੱਚ ਫੁੱਟ ਦਾ ਸਭ ਤੋਂ ਵੱਡਾ ਕਾਰਨ ਉਹ ਖੁਦ ਬਣ ਗਏ। ਇੰਨਾ ਹੀ ਨਹੀਂ ਸ਼ਹਿਰ ਦੀਆਂ ਚਾਰ ਸੀਟਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਆਪਣੀ ਸੀਟ ਵੀ ਪ੍ਰਧਾਨ ਵਜੋਂ ਨਹੀਂ ਬਚਾ ਸਕੇ। ਇਹੀ ਕਾਰਨ ਸੀ ਕਿ ਪਾਰਟੀ ਹਾਈਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮੁੜ ਤਰਜੀਹ ਨਹੀਂ ਦਿੱਤੀ ਗਈ। ਸਿੱਧੂ ਨੂੰ 18 ਜੁਲਾਈ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਾਇਆ ਗਿਆ ਸੀ। ਉਨ੍ਹਾਂ ਦਾ ਅਸਤੀਫਾ 16 ਮਾਰਚ ਨੂੰ ਲਿਆ ਗਿਆ ਸੀ।