- ਸਿਰਫ਼ ਹਿੰਦੀ ਨੂੰ ਦੇਸ਼ ਦੀ ਸੰਪਰਕ ਭਾਸ਼ਾ ਬਣਾਉਣਾ “ਜ਼ਬਰਨ ਸੰਘਵਾਦ” : ਮਹਿਲਾ ਕਿਸਾਨ ਯੂਨੀਅਨ
- ਕਿਹਾ, ਹਿੰਦੀ ਕਦੇ ਵੀ ਦੇਸ਼ ਦੀ ਰਾਸ਼ਟਰ ਭਾਸ਼ਾ ਨਹੀਂ ਰਹੀ
ਚੰਡੀਗੜ੍ਹ 10 ਅਪ੍ਰੈਲ 2022 – ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਰਾਜ ਭਾਸ਼ਾਵਾਂ ਦੀ ਅਹਿਮੀਅਤ ਨੂੰ ਤੁੱਛ ਸਮਝਣ ਉਪਰ ਕੇਂਦਰ ਵਿੱਚ ਸ਼ਾਸ਼ਤ ਭਾਰਤੀ ਜਨਤਾ ਪਾਰਟੀ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਹੈ ਕਿ ਭਗਵਾਂ ਦਲ ਬਹੁ-ਭਾਸ਼ਾਈ ਤੇ ਬਹੁ-ਕੌਮੀ ਦੇਸ਼ ਵਿੱਚ “ਹਿੰਦੀ ਸਾਮਰਾਜਵਾਦ” ਰਾਹੀਂ ਸੰਸਕ੍ਰਿਤ ਤੇ ਹਿੰਦੀ ਭਾਸ਼ਾ ਦਾ ਗਲਬਾ ਕਾਇਮ ਕਰਨ ਲਈ ਖੇਤਰੀ ਭਾਸ਼ਾਵਾਂ ਵਿਰੁੱਧ ਲੁਕਵੇਂ ਪਰ ਰਣਨੀਤਕ “ਸੱਭਿਆਚਾਰਕ, ਧਾਰਮਿਕ ਤੇ ਭਾਸ਼ਾਈ ਅੱਤਵਾਦ” ਦੇ ਏਜੰਡੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਭਵਿੱਖ ਵਿੱਚ ਭਾਰਤ ਵਰਗੇ ਰਾਜਾਂ ਦੇ ਸੰਘ ਅਤੇ ਕੌਮੀ ਇੱਕਜੁੱਟਤਾ ਲਈ ਬੇਹੱਦ ਮਾਰੂ ਸਾਬਤ ਹੋਵੇਗਾ।
ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੀਤੇ ਦਿਨ ਰਾਜ ਭਾਸ਼ਾ ਸੰਸਦੀ ਕਮੇਟੀ ਦੀ 37ਵੀਂ ਮੀਟਿੰਗ ਮੌਕੇ ਗ਼ੈਰ-ਹਿੰਦੀ ਭਾਸ਼ੀ ਰਾਜਾਂ ਉਤੇ ਹਿੰਦੀ ਥੋਪੇ ਜਾਣ ਉਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਹਿੰਦੀ ਸਿਰਫ਼ ਰਾਜ ਭਾਸ਼ਾ ਹੈ ਪਰ ਇਹ ਕਦੇ ਵੀ ਦੇਸ਼ ਦੀ ਰਾਸ਼ਟਰ ਭਾਸ਼ਾ ਨਹੀਂ ਰਹੀ ਤੇ ਨਾ ਹੀ ਸੰਘੀ ਢਾਂਚੇ ਵਿੱਚ ਰਾਜਾਂ ਵੱਲੋਂ ਸਵੀਕਾਰੀ ਜਾਵੇਗੀ। ਇਸ ਕਰਕੇ ਵਿਭਿੰਨਤਾ ਵਾਲੇ ਦੇਸ਼ ਵਿੱਚ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹਿੰਦੀ ਨੂੰ ਬਤੌਰ ਇਕ ਰਾਸ਼ਟਰ ਭਾਸ਼ਾ ਤੇ ਸੰਪਰਕ ਭਾਸ਼ਾ ਵਜੋਂ ਦੇਸ਼ ਵਾਸੀਆਂ ਉਪਰ ਕਦਾਚਿਤ ਨਹੀਂ ਥੋਪਿਆ ਜਾ ਸਕਦਾ।
ਰਾਸ਼ਟਰ ਭਾਸ਼ਾ ਅਤੇ ਸੰਚਾਰ ਦੇ ਮਾਧਿਅਮ ਬਾਰੇ ਚੋਟੀ ਦੇ ਭਾਜਪਾ ਨੇਤਾ ਵੱਲੋਂ ਸੰਸਦ ਮੈਂਬਰਾਂ ਅੱਗੇ ਪੂਰੇ ਦੇਸ਼ ਵਿੱਚ ਹਿੰਦੀ ਬੋਲਣ ਦੇ ਹੱਕ ਵਿੱਚ ਦਿੱਤੀਆਂ ਦਲੀਲ਼ਾਂ ਖ਼ਿਲਾਫ਼ ਮਹਿਲਾ ਕਿਸਾਨ ਆਗੂ ਨੇ ਕਿਹਾ ਕਿ ਭਗਵੇਂ ਧਾਰਮਿਕ ਏਜੰਡੇ ਹੇਠਲੀ ਨੀਤੀ ਤਹਿਤ ਅਜਿਹਾ ਕਰਕੇ ਕੇਂਦਰੀ ਮੰਤਰੀ ਨੇ ਆਪਣੀ ਮਾਂ-ਬੋਲੀ ਗੁਜਰਾਤੀ ਨਾਲ ਵੀ ਜੱਗੋਂ ਤੇਹਰਵਾਂ ਧਰੋਹ ਕਮਾਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬੀ ਲੋਕ ਹਿੰਦੀ ਭਾਸ਼ਾ ਵਿਰੋਧੀ ਨਹੀਂ ਪਰ ਸੱਤਾ ਦੀ ਤਾਕਤ ਨਾਲ ਹਿੰਦੀ ਤੇ ਸੰਸਕ੍ਰਿਤ ਨੂੰ ਗ਼ੈਰ-ਹਿੰਦੀ ਲੋਕਾਂ ਉੱਪਰ ਥੋਪਣਾ “ਸਹਿਯੋਗੀ ਸੰਘਵਾਦ” ਦੀ ਬਜਾਏ “ਜ਼ਬਰਨ ਸੰਘਵਾਦ” ਦੀ ਨਿਸ਼ਾਨੀ ਹੈ ਅਤੇ ਲੋਕਾਂ ਵਿੱਚ ਆਪਸੀ ਅਵਿਸ਼ਵਾਸ ਪੈਦਾ ਕਰਕੇ ਵੰਡੀਆਂ ਪਾਉਣ ਦੀ ਕੋਝੀ ਸਿਆਸੀ ਚਾਲ ਹੈ।
ਬੀਬੀ ਰਾਜੂ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਮਾਣਮੱਤੀਆਂ ਖੇਤਰੀ ਭਾਸ਼ਾਵਾਂ ਦਾ ਆਪਣਾ ਵਡਮੁੱਲਾ ਤੇ ਪੁਰਾਤਨ ਇਤਿਹਾਸ ਹੈ ਜਿਨ੍ਹਾਂ ਵਿੱਚ ਰਚੇ ਗਏ ਸਾਹਿਤ ਤੇ ਇਤਿਹਾਸ ਸਦਕਾ ਅਤੇ ਧਾਰਮਿਕ ਗ੍ਰੰਥਾਂ ਰਾਹੀਂ ਬੀਤੇ ਸਮਿਆਂ ਦੌਰਾਨ ਦੇਸ਼ ਵਿੱਚ ਵੱਡੀਆਂ ਇਨਕਲਾਬੀ ਤਬਦੀਲੀਆਂ ਆਈਆਂ ਹਨ। ਇਸ ਕਰਕੇ ਰਾਜਾਂ ਦੇ ਸੁਮੇਲ ਤੋਂ ਬਣੇ ਸੰਘੀ ਦੇਸ਼ ਭਾਰਤ ਵਿੱਚ ਖੇਤਰੀ ਭਾਸ਼ਾਵਾਂ ਦੀ ਅਹਿਮੀਅਤ ਨੂੰ ਕਿਸੇ ਹੋਰ ਭਾਸ਼ਾ ਦੇ ਇਵਜ਼ ਉਪਰ ਨੀਵਾਂ ਨਹੀਂ ਦਿਖਾਇਆ ਜਾ ਸਕਦਾ ਤੇ ਨਾ ਹੀ ਲੋਕਤੰਤਰੀ ਦੇਸ਼ ਵਿੱਚ ਇਹ ਪ੍ਰਵਾਨ ਚੜ੍ਹ ਸਕੇਗਾ। ਉਨ੍ਹਾਂ ਸਮੂਹ ਰਾਜਾਂ ਅਤੇ ਮਾਂ-ਬੋਲੀ ਦੇ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਸੱਜੇ ਪੱਖੀ ਭਗਵਾਂ ਦਲ ਵੱਲੋਂ “ਇੱਕ ਦੇਸ਼, ਇੱਕ ਭਾਸ਼ਾ, ਇੱਕ ਧਰਮ” ਲਾਗੂ ਕਰਨ ਵਾਲੀ ਕੇਂਦਰੀਕਰਨ, ਧੱਕੇਸ਼ਾਹ ਰਾਜਨੀਤੀ ਤੇ ਲੋਕਤੰਤਰ ਵਿਰੋਧੀ ਕਪਟੀ ਚਾਲਾਂ ਦਾ ਡੱਟ ਕੇ ਵਿਰੋਧ ਕਰਨ।