ਜਲੰਧਰ, 15 ਅਪ੍ਰੈਲ 2022 – ਲਗਜ਼ਰੀ ਕਾਰਾਂ ਦੀ ਖਰੀਦ ਬਾਰੇ ਭਗਵੰਤ ਮਾਨ ਸਰਕਾਰ ਨੇ ਸਪੱਸ਼ਟੀਕਰਨ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਜ਼ਰੀ ਕਾਰਾਂ ਦੀ ਖਰੀਦ ਬਾਰੇ ਕੋਈ ਪ੍ਰਸਤਾਵ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਇਹ ਬਿਲਕੁਲ ਬੇਬੁਨਿਆਦ ਅਤੇ ਫਰਜ਼ੀ ਹੈ। ਕਿਰਪਾ ਕਰਕੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਗੁਰੇਜ਼ ਕਰੋ।
ਇਸ ਤੋਂ ਪਹਿਲਾਂ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਆਪ ਸਰਕਾਰ ਆਪਣੇ ਮੰਤਰੀਆਂ ਨੂੰ ਲਗਜ਼ਰੀ ਗੱਡੀਆਂ ਖ਼ਰੀਦ ਕੇ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ, ਭਾਵ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਲਗਜ਼ਰੀ ਕਾਰਾਂ ਦਿੱਤੀਆਂ ਜਾਣਗੀਆਂ ਜਿਸ ਦਾ ਸਰਕਾਰੀ ਖਜ਼ਾਨੇ ‘ਤੇ ਫਾਲਤੂ ਬੋਝ ਪਵੇਗਾ।
ਜਿਸ ‘ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ, ਉਹ ਆਪਣੇ ਮੰਤਰੀਆਂ ਲਈ ਕੋਈ ਨਵੀਂ ਗੱਡੀ ਨਹੀਂ ਖ਼ਰੀਦ ਰਹੇ। ਸਗੋਂ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਰਕਾਰ ਸਾਬਕਾ ਤੇ ਸਾਬਕਾ ਵਿਧਾਇਕਾਂ ਦੀਆਂ ਸਰਕਾਰੀ ਗੱਡੀਆਂ ਵਾਪਸ ਲੈਣਗੇ।
ਇਸ ਦੇ ਨਾਲ ਹੀ ਸੀਐਮ ਮਾਨ ਨੇ ਦਾਅਵਾ ਕਰਦਿਆਂ ਆਖਿਆ ਕਿ, ਕੋਈ ਸਾਬਤ ਕਰੇ ਕਿ, ਸਰਕਾਰ ਨੇ ਕੋਈ ਨਵੀਂ ਗੱਡੀ ਖ਼ਰੀਦੀ ਹੈ। ਮਾਨ ਨੇ ਕਿਹਾ ਕਿ, ਸਾਡੇ ਕੋਲ ਐਵੇਂ ਫ਼ਜੂਲ ਪੈਸੇ ਖ਼ਰਚਣ ਨੂੰ ਨਹੀਂ ਹੈਗੇ, ਅਸੀਂ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਹਾਂ, ਪੰਜਾਬ ਦੇ ਲੋਕਾਂ ਦੇ ਪੈਸੇ ਨਾਲ।